ਮੋਗਾ: ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਵਿਚਾਲੇ ਚੱਲ ਰਹੀ ਧੜੇਬਾਜ਼ੀ ਨੂੰ ਖ਼ਤਮ ਕਰਨ ਬੀਤੇ ਦਿਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਰੈਸਟ ਹਾਊਸ ਪਹੁੰਚੇ। ਇਸ ਦੌਰਾਨ ਉਨ੍ਹਾਂ ਨਗਰ ਨਿਗਮ ਦੀਆਂ ਚੋਣਾਂ ਸੰਬੰਧੀ ਵਿਧਾਇਕ ਡਾ. ਹਰਜੋਤ ਕਮਲ ਤੇ ਜ਼ਿਲ੍ਹਾ ਪ੍ਰਧਾਨ ਮਹੇਸ਼ਇੰਦਰ ਸਿੰਘ ਨਾਲ ਬੰਦ ਕਮਰਾ ਬੈਠਕ ਕੀਤੀ। ਇਸ ਬੈਠਕ ਦੌਰਾਨ ਆਸ਼ੂ ਵੱਲੋਂ ਦੋਵਾਂ ਲੀਡਰਾਂ ਵਿਚਾਲੇ ਚੱਲ ਰਹੀ ਟਸਲ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ।
ਪੰਜਾਬ ਦੇ ਕਿਸਾਨਾਂ ਦੀ ਹੀ ਫਸਲ ਖ਼ਰੀਦੇਗੀ ਪੰਜਾਬ ਸਰਕਾਰ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਕੈਬਨਿਟ ਮੰਤਰੀ ਆਸ਼ੂ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਵਿੱਚ ਪੰਜਾਬ ਦੇ ਹੀ ਕਿਸਾਨਾਂ ਦੀ ਫਸਲ ਖਰੀਦੇਗੀ। ਬਾਹਰੀ ਰਾਜਾਂ ਤੋਂ ਆਈ ਹੋਈ ਫ਼ਸਲ ਨੂੰ ਪੰਜਾਬ ਵਿਚ ਸਵੀਕਾਰ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਬਾਹਰੀ ਰਾਜਾਂ ਤੋਂ ਪੰਜਾਬ ਵਿੱਚ ਫ਼ਸਲ ਆਉਣ ਸਬੰਧੀ ਬੀਤੇ ਕੁਝ ਸਮੇਂ ਦੌਰਾਨ ਸੈਂਕੜੇ ਐੱਫਆਈਆਰ ਵੀ ਪੁਲੀਸ ਵੱਲੋਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਨਿਗਮ ਚੋਣਾਂ ਨੂੰ ਲੈ ਕੇ ਉਨ੍ਹਾਂ ਨੂੰ ਮੋਗਾ ਲਈ ਬਤੌਰ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਉਹ ਕਾਂਗਰਸ ਪਾਰਟੀ ’ਚ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਸਹਿਣ ਨਹੀਂ ਕਰਨਗੇ ਅਤੇ ਨਗਰ ਨਿਗਮ ਦੀਆਂ 50 ਸੀਟਾਂ ’ਤੇ ਕਾਂਗਰਸ ਦੀ ਜਿੱਤ ਯਕੀਨੀ ਬਣਾਉਣਗੇ।