ਪਿੰਡ ਘੱਲ ਕਲਾਂ ਵਿਖੇ ਲੱਗਾ 'ਮਿੰਨੀ ਕਿਸਾਨ ਮੇਲਾ' - mission tandrust punjab
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੱਗੇ 'ਮਿੰਨੀ ਕਿਸਾਨ ਮੇਲਾ' ਵਿੱਚ ਪਹੁੰਚੇ ਕਿਸਾਨ। ਉੱਥੇ ਪੁੱਜੇ ਡਾ. ਰਮਨਦੀਪ ਸਿੰਘ ਨੇ ਕਿਹਾ, ਖੇਤੀ ਦੇ ਧੰਦੇ ਨੂੰ ਕਾਮਯਾਬ ਬਣਾਉਣ ਲਈ ਆਪਣੇ ਪੱਧਰ 'ਤੇ ਮੰਡੀਕਰਨ ਸਮੇਂ ਦੀ ਮੁੱਖ ਲੋੜ।
ਮੋਗਾ: ਪੰਜਾਬ ਵਿੱਚ ਖੇਤੀ ਦੇ ਧੰਦੇ ਨੂੰ ਲਾਹੇਵੰਦ ਧੰਦੇ ਵਜੋ ਵਿਕਸਿਤ ਕਰਨ ਲਈ ਉਨ੍ਹਾਂ ਨੂੰ ਪੰਜ ਸਿਧਾਂਤਾਂ ਮੁਤਾਬਕ ਖੇਤੀ ਕਰਨ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਘੱਲ ਕਲਾਂ ਵਿਖੇ ਦੇਸ਼ ਭਗਤ ਪਾਰਕ ਵਿੱਚ ਕਰਵਾਏ ਮਿੰਨੀ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰ ਅਤੇ ਪ੍ਰਸਿੱਧ ਵਿਗਿਆਨੀ ਡਾਕਟਰ ਰਮਨਦੀਪ ਸਿੰਘ ਨੇ ਕੀਤਾ।
ਇਸ ਮੌਕੇ ਡਾ. ਰਮਨਦੀਪ ਨੇ ਕਿਹਾ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕਿਸਾਨ ਵੀਰਾਂ ਦਾ ਸਭ ਤੋ ਪਹਿਲਾਂ ਖੁਦ ਖੇਤੀ ਧੰਦੇ ਨਾਲ ਸਮਰਪਿਤ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖੇਤੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਸਾਨੂੰ ਆਪਣੇ ਪੱਧਰ 'ਤੇ ਮੰਡੀ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਜਿਸ ਨਾਲ ਕਿਸਾਨ ਨੂੰ ਰੋਜਾਨਾ ਆਮਦਨ ਹੋਵੇਗੀ ਅਤੇ ਕਿਸਾਨ ਆਰਥਕ ਪੱਖੋ ਮਜਬੂਤ ਹੋਵੇਗਾ।
ਉੱਥੇ ਪਹੁੰਚੇ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲੇ ਵਾਲਿਆਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਕਿਸਾਨਾਂ ਦਾ ਰੁਝਾਣ ਕੁਦਰਤੀ ਖੇਤੀ ਵੱਲ ਹੋਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਫਲਾਂ, ਸਬਜੀਆਂ ਆਦਿ ਖਾਣ ਵਾਲੀਆਂ ਫ਼ਸਲਾਂ ਉੱਤੇ ਜ਼ਹਿਰਾਂ ਦਾ ਛਿੜਕਾਅ ਕਰਕੇ ਲੋਕਾ ਨੂੰ ਜ਼ਹਿਰ ਪਰੋਸ ਰਹੇ ਹਾਂ, ਜਿਸ ਦੇ ਭਾਗੀਦਾਰ ਅਸੀ ਸਾਰੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਫ਼ਸਲਾਂ ਉਪੱਰ ਰੋਜ਼ਮਰਾਂ ਵਰਤੋਂ ਕੀਤੀਆਂ ਜਾਣ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਅਤੇ ਖਾਦਾਂ 'ਤੇ ਕਾਬੂ ਨਾ ਕੀਤਾ, ਤਾਂ ਆਉਣ ਵਾਲੇ ਸਮੇ ਵਿੱਚ ਸਾਡੀਆਂ ਪੀੜ੍ਹੀਆਂ ਨੂੰ ਸੰਤੁਲਨ ਬਰਕਰਾਰ ਰੱਖਣ ਲਈ ਤਰਸਨਾ ਪੈ ਸਕਦਾ ਹੈ।
ਖੇਤੀ ਮਾਹਿਰ ਡਾ. ਹਰਨੇਕ ਸਿੰਘ ਰੋਡੇ ਨੇ ਖੇਤੀਬਾੜੀ ਦੇ ਵੱਖ-ਵੱਖ ਪਹਿਲੂਆਂ ਤੋ ਕਿਸਾਨੀ ਨੂੰ ਕਾਮਯਾਬ ਕਰਨ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਾਬਾ ਗੁਰਮੀਤ ਸਿੰਘ ਪਿੰਡ ਖੋਸਾ ਕੋਟਲਾ, ਖੋਸਾ ਰਣਧੀਰ, ਖੋਸਾ ਪਾਡੋ ਦੇ ਕਿਸਾਨਾਂ ਨੂੰ ਅੋਰਗੈਨਿਕ ਖੇਤੀ ਵੱਲ ਪ੍ਰੇਰਿਤ ਕਰਕੇ ਖੁਦ ਸਬਜੀਆਂ ਦਾ ਮੰਡੀਕਰਨ ਕਰਨ ਲਈ ਯਤਨ ਕਰ ਰਹੇ ਹਨ।