ਮੋਗਾ: ਆਏ ਦਿਨ ਹੀ ਕਿਸੇ ਨਾ ਕਿਸੇ ਵਿਭਾਗ ਵੱਲੋਂ ਸਰਕਾਰ ਵਿਰੁੱਧ ਮੁਜ਼ਾਹਰੇ ਕੀਤੇ ਜਾਂਦੇ ਹਨ, ਇਸੇ ਲੜੀ ਦੇ ਤਹਿਤ ਹੀ ਮਿਡ ਡੇ ਮੀਲ ਬਣਾਉਣ ਵਾਲਿਆਂ ਵੱਲੋਂ ਵੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਮਿਡ ਡੇ ਮੀਲ ਕੁੱਕ ਯੂਨੀਅਨ ਸਬੰਧਿਤ ਪ੍ਰਦਰਸ਼ਨਕਾਰੀਆਂ ਨੇ ਮੋਗਾ ਦੇ ਨੇਚਰ ਪਾਰਕ ਵਿੱਚ ਰੈਲੀ ਕੱਢੀ। ਮੇਨ ਚੌਕ ਵਿੱਚ ਪੰਜਾਬ ਅਤੇ ਸੈਂਟਰ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਰੈਲੀ ਦੀ ਅਗਵਾਈ ਜਗਤਾਰ ਸਿੰਘ ਮੱਖੂ ਇੰਟਕ ਬੰਤ ਸਿੰਘ ਸੇਖੋਂ ਪ੍ਰਧਾਨ ਭਾਰਤੀ ਵਾਲਮੀਕਿ ਸਭਾ, ਪੰਜਾਬ ਅਤੇ ਸੂਬਾ ਪ੍ਰਧਾਨ ਕਰਮਚੰਦ ਚੰਡਾਲੀਆ ਮਿਡ ਡੇ ਮੀਲ ਕੁੱਪ ਯੂਨੀਅਨ ਇੰਟੈਕਸ ਨੇ ਕੀਤੀ। ਇਸ ਰੈਲੀ ਵਿੱਚ ਤੂੜੀ ਛਿਲਕਾ ਯੂਨੀਅਨ ਅਤੇ ਨਰੇਗਾ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ।
ਮਿਡ ਡੇ ਮੀਲ ਕੁੱਕਾਂ ਨੇ ਨੇਚਰ ਪਾਰਕ ਵਿੱਚ ਇਕੱਠੇ ਹੋ ਕੇ ਆਪਣੀਆਂ ਹੱਕੀ ਮੰਗਾਂ ਸਬੰਧੀ ਲੋਕਾਂ ਨੂੰ ਦੱਸਿਆ ਕਿ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਲਈ ਭਰੋਸਾ ਦਿੱਤਾ ਜਾਂਦਾ ਹੈ, ਪਰ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ। ਬਾਜ਼ਾਰਾਂ ਵਿੱਚੋਂ ਲੰਘਦੇ ਹੋਏ ਇਸ ਜਥੇਬੰਦੀ ਵੱਲੋਂ ਪੰਜਾਬ ਅਤੇ ਸੈਂਟਰ ਸਰਕਾਰ ਦਾ ਮੇਨ ਚੌਕ ਮੋਗਾ ਵਿਖੇ ਪੁਤਲਾ ਵੀ ਸਾੜਿਆ ਗਿਆ। ਇਸ ਰੈਲੀ ਵਿੱਚ ਮੋਗਾ ਜ਼ਿਲ੍ਹੇ ਤੋਂ ਇਲਾਵਾ ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਦੇ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ।