ਮੋਗਾ:ਜ਼ਿਲ੍ਹੇ ਦੇ ਪਹਾੜਾ ਸਿੰਘ ਚੌਂਕ ਵਿੱਚ ਇੱਕ ਘਰ ਵਿੱਚੋਂ ਇੱਕ ਵਿਆਹੁਤਾ ਔਰਤ ਦੀ ਲਾਸ਼ ਮਿਲਣ ਨਾਲ ਮੁਹਲੇ ਵਿੱਚ ਸਨਸਨੀ ਫੈਲ ਗਈ। ਲਾਸ਼ ਤਿੰਨ ਤੋਂ ਚਾਰ ਦਿਨ ਪੁਰਾਣੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਔਰਤ ਆਪਣੇ ਪਤੀ, 3 ਸਾਲ ਦੇ ਬੇਟੇ ਅਤੇ ਸੱਸ ਨਾਲ ਘਰ ਵਿੱਚ ਰਹਿੰਦੀ ਸੀ। ਮ੍ਰਿਤਕਾ ਦਾ ਪਤੀ ਅਤੇ ਉਸਦੀ ਮਾਂ ਦੋਵੇ ਫਰਾਰ ਹਨ। ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
ਇਸੇ ਮਾਮਲੇ 'ਚ ਰੋਹਿਤ ਦੀ ਮਾਸੀ ਸਰੋਜ ਨੇ ਗੱਲਬਾਤ ਦੌਰਾਨ ਦੱਸਿਆ ਕਿ ਰੋਹਿਤ ਦੀ ਮਾਂ ਆਪਣੇ ਪੈਕੇ ਘਰ ਗਈ ਹੋਈ ਸੀ ਅਤੇ ਉਨ੍ਹਾਂ ਨੂੰ ਫੋਨ ਆਇਆ ਕਿ ਰੋਹਿਤ ਫੋਨ ਨਹੀਂ ਚੁੱਕ ਰਿਹਾ, ਉਸ ਦੇ ਘਰ ਜਾ ਕੇ ਦੇਖੋ। ਪਰ ਮੈਂ ਇੰਨਕਾਰ ਕਰ ਦਿੱਤਾ ਕਿਉਕਿ ਮੇਰਾ ਪਤੀ ਬਿਮਾਰ ਸੀ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਮਰਨ ਦੀਆਂ ਧਮਕੀਆਂ ਦੇ ਰਿਹਾ ਸੀ ਤੇ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਮਰ ਨਾ ਗਿਆ ਹੋਵੇ। ਜਦੋਂ ਉਹ ਦੇਖਣ ਗਈ ਤਾਂ ਘਰ ਦੇ ਬਾਹਰ ਦਰਵਾਜ਼ੇ ਨੂੰ ਕੁੰਡੀ ਲੱਗੀ ਹੋਈ ਸੀ ,ਪਰ ਜਦੋਂ ਉਸਨੇ ਅੰਦਰ ਦੇਖਿਆ ਤਾਂ ਬੈੱਡ 'ਤੇ ਇੱਕ ਲਾਸ਼ ਪਈ ਸੀ ਤਾਂ ਉਸਨੇ ਬਾਹਰ ਆ ਕੇ ਸ਼ੋਰ ਮਚਾਇਆ।
ਦੂਜੇ ਪਾਸੇ ਇਸੇ ਇਲਾਕੇ ਦੀ ਰਹਿਣ ਵਾਲੀ ਅਨੂ ਨਾਂ ਦੀ ਔਰਤ ਦਾ ਕਹਿਣਾ ਹੈ ਕਿ ਸਵੇਰੇ 9 ਵਜੇ ਦੇ ਕਰੀਬ ਉਹ ਉਸ ਦੇ ਬੱਚੇ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾ ਰਿਹਾ ਸੀ ਅਤੇ ਜਦੋਂ ਉਸ ਨੇ ਮੋਟਰਸਾਈਕਲ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀਆਂ ਅੱਖਾਂ ਵਿਚ ਕੁਝ ਅਜਿਹਾ ਸੀ ਕਿ ਜਿਵੇ ਕਿ ਉਹ ਆਪਣੇ ਬੱਚੇ ਨੂੰ ਕੁਝ ਕਰ ਦੇਵੇਗਾ। ਫਿਰ ਉਹ ਮੋਟਰਸਾਈਕਲ 'ਤੇ ਭੱਜ ਗਿਆ ਅਤੇ ਕਹਿ ਰਿਹਾ ਸੀ ਕਿ ਉਸਦੀ ਪਤਨੀ ਚਲੀ ਗਈ।