ਮ੍ਰਿਤਕ ਨੌਜਵਾਨ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਮੋਗਾ: ਪੰਜਾਬ ਵਿੱਚੋਂ ਆਏ ਦਿਨ ਹੀ ਰੋਜ਼ੀ ਰੋਟੀ ਕਮਾਉਣ ਗਏ ਵਿਦੇਸ਼ਾਂ ਵਿੱਚ ਪੰਜਾਬੀਆਂ ਦੇ ਕਤਲ ਦੇ ਮਾਮਲੇ ਦਿਨ ਪਰ ਦਿਨ ਵੱਧਦੇ ਜਾ ਰਹੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਮੋਗਾ ਜ਼ਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਮਾਛੀਕੇ ਤੋਂ ਆਇਆ, ਜਿੱਥੋਂ ਦੇ ਨੌਜਵਾਨ ਮਨਜੋਤ ਸਿੰਘ ਦਾ ਮਨੀਲਾ ਵਿਖੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਦੇ ਪਿਤਾ ਹਰਜਿੰਦਰ ਸਿੰਘ ਵਾਸੀ ਪਿੰਡ ਮਾਛੀਕੇ ਨੇ ਦੱਸਿਆ ਕਿ ਉਸਦਾ 31 ਸਾਲਾ ਸਪੁੱਤਰ ਮਨਜੋਤ ਸਿੰਘ ਜੋ ਕਿ 5 ਸਾਲ ਪਹਿਲਾ ਰੁਜ਼ਗਾਰ ਲਈ ਮਨੀਲਾ ਦੇਸ਼ ਵਿਖੇ ਗਿਆ ਸੀ। ਉਹਨਾਂ ਕਿਹਾ ਮਨਜੋਤ ਸਿੰਘ ਦੇ ਘਰ ਮਨੀਲਾ ਵਿਖੇ ਰਾਤ 8.30 ਵਜੇ ਦੇ ਕਰੀਬ ਅਣਪਛਾਤਾ ਨੌਜਵਾਨ ਦਾਖਲ ਹੋਇਆ, ਉਸ ਨੇ ਅੰਨੇਵਾਹ ਗੋਲੀਆਂ ਮਾਰ ਕੇ ਮਨਜੋਤ ਸਿੰਘ ਦਾ ਕਤਲ ਕਰ ਦਿੱਤਾ।
ਮ੍ਰਿਤਕ ਮਨਜੋਤ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਘਰ-ਜ਼ਮੀਨਾਂ ਵੇਚਕੇ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਖਾਂ ਵਿੱਚ ਭੇਜਦੇ ਹਾਂ ਅਤੇ ਉੱਥੇ ਸਾਡੇ ਜਵਾਕਾਂ ਦੇ ਕਤਲ ਹੋ ਜਾਦੇ ਹਨ, ਜੋ ਕਿ ਬਹੁਤ ਹੀ ਮਾੜਾ ਹੈ। ਉਹਨਾਂ ਕਿਹਾ ਲਾਡਾ ਨਾਲ ਪਾਲ ਪੋਸ ਕੇ ਪੁੱਤਾ ਨੂੰ ਜਹਾਨੋ ਤੋਰਨਾ ਬਹੁਤ ਔਖਾ ਹੁੰਦਾ ਹੈ। ਉਹਨਾਂ ਕਿਹਾ ਜੇ ਸਰਕਾਰਾਂ ਇੱਥੇ ਪੰਜਾਬ ਵਿੱਚ ਹੀ ਸਾਡੇ ਜਵਾਕਾਂ ਨੂੰ ਨੌਕਰੀਆਂ ਦੇਵੇ ਤਾਂ ਸਾਡੇ ਪੁੱਤਾਂ ਨੂੰ ਬਾਹਰਲੇ ਮੁਲਖਾਂ ਵਿੱਚ ਜਾਣ ਦੀ ਲੋੜ ਹੀ ਨਾ ਪਾਵੇ ਅਤੇ ਨਾ ਹੀ ਸਾਡੇ ਪੁੱਤਾਂ ਦੇ ਕਤਲ ਹੋਣ।
ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਾਤਲ ਮੋਗੇ ਜ਼ਿਲ੍ਹੇ ਦੇ ਕਸਬਾ ਅਜੀਤਵਾਲ ਨਾਲ ਸਬੰਧਤ ਦੱਸਿਆ ਜਾਦਾ ਹੈ, ਜਿਸ ਖਿਲਾਫ਼ ਮਨੀਲਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਮਨਜੋਤ ਸਿੰਘ ਦੀ ਮ੍ਰਿਤਿਕ ਦੇਹ ਭਾਰਤ ਲਿਆਉਣ ਲਈ ਉੱਥੇ ਸਥਿਤ ਪੰਜਾਬੀਆਂ ਵੱਲੋਂ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮਨਜੀਤ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਅਤੇ ਇਲਾਕੇਵਿੱਚ ਸੋਗ ਦੀ ਲਹਿਰ ਦੌੜ ਗਈ।