ਮੋਗਾ: ਸ਼ਹਿਰ ਦੇ ਸਰਕਾਰੀ ਹਸਪਤਾਲ 'ਚ ਲਗਾਤਾਰ ਬੀਤੇ ਤਿੰਨ ਦਿਨਾਂ ਤੋਂ ਲਗਾਇਆ ਗਿਆ ਧਰਨਾ ਹੁਣ ਖ਼ਤਮ ਹੋ ਗਿਆ ਹੈ। ਸਿਵਲ ਸਰਜਨ ਅਮਰਪ੍ਰੀਤ ਕੌਰ ਬਾਜਵਾ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਮੁਲਾਜ਼ਮਾਂ ਨੇ ਆਪਣਾ ਧਰਨਾ ਖ਼ਤਮ ਕੀਤਾ ਹੈ।
ਮੋਗਾ ਦੇ ਸਰਕਾਰੀ ਹਸਪਤਾਲ 'ਚ ਪਿਛਲੇ ਤਿੰਨ ਦਿਨਾਂ ਤੋਂ ਲੱਗਿਆ ਧਰਨਾ ਹੋਇਆ ਖ਼ਤਮ ਸਿਵਲ ਸਰਜਨ ਅਮਰਪ੍ਰੀਤ ਕੌਰ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਦੇ ਹੋਏ ਡਾ. ਰੀਤੂ ਜੈਨ ਦੀ ਬਦਲੀ ਨੂੰ ਥੋੜੇ ਦਿਨਾਂ 'ਚ ਰੋਕ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਡਾ. ਰੀਤੂ ਜੈਨ ਦੀ ਬਦਲੀ ਰੱਦ ਕਰਾਉਣ ਅਤੇ ਵਿਧਾਇਕ ਹਰਜੋਤ ਕਮਲ ਸਮੇਤ ਮਹਿਲਾ ਡਾਕਟਰ ਨਾਲ ਮਾੜਾ ਵਰਤਾਅ ਕਰਨ ਵਾਲੇ ਦੋਸ਼ੀ ਵਿਅਕਤੀਆਂ ਤੋਂ ਮੁਆਫੀ ਮੰਗਵਾਉਣ ਲਈ ਪੀਸੀਐਮਐਸ ਐਸੋਸੀਏਸ਼ਨ ਅਤੇ ਪੈਰਾ ਮੈਡੀਕਲ ਯੂਨੀਅਨ ਵੱਲੋਂ ਸੰਘਰਸ਼ ਵਿੱਢਿਆ ਗਿਆ ਸੀ।
ਕੀ ਹੈ ਮਾਮਲਾ...
ਜ਼ਿਕਰਯੋਗ ਹੈ ਕਿ ਕਾਂਗਰਸੀ ਵਿਧਾਇਕ ਹਰਜੋਤ ਕਮਲ ਨੇ ਰੰਜਿਸ਼ ਦੇ ਚਲਦੇ ਆਪਣੇ ਅਹੁਦੇ ਦਾ ਨਾਜਾਇਜ਼ ਇਸਤੇਮਾਲ ਕਰਦੇ ਹੋਏ ਸਿਵਲ ਹਸਪਤਾਲ ਦੀ ਡਾ. ਰੀਤੂ ਜੈਨ ਦੀ ਬਦਲੀ ਕਰਵਾ ਦਿੱਤੀ ਸੀ। ਇਸ ਤੋਂ ਬਾਅਦ ਡਾ. ਰੀਤੂ ਜੈਨ ਦੀ ਬਦਲੀ ਨੂੰ ਰੋਕਣ ਵਾਸਤੇ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮ ਬੀਤੇ 3 ਦਿਨਾਂ ਤੋਂ ਧਰਨੇ 'ਤੇ ਬੈਠੇ ਸਨ।
ਅਮਰਪ੍ਰੀਤ ਕੌਰ ਬਾਜਵਾ ਨੇ ਕਿਹਾ ਕਿ ਸਾਡੀ ਸਿਹਤ ਮੰਤਰੀ ਨਾਲ ਗੱਲਬਾਤ ਹੋਈ ਅਤੇ ਡਾ. ਰੀਤੂ ਜੈਨ ਦੀ ਬਦਲੀ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਉਸ ਵੇਲੇ ਤੱਖ ਰਿਲੀਵ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਆਰਡਰ ਨਹੀਂ ਆ ਜਾਂਦੇ। ਇਸ ਤੋਂ ਇਲਾਵਾ ਇਥੇ ਜੋ ਵੀ ਤਕਰਾਰ ਪੈਦਾ ਹੋਈ ਹੈ, ਉਸ ਦੀ ਵੀ ਜਾਂਚ ਕਰਵਾਈ ਜਾਵੇਗੀ।