ਮੋਗਾ:ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਕਿਸਾਨਾਂ ਨੂੰ ਆਧੁਨਿਕ ਖੇਤੀ ਵੱਲ ਲਿਜਾ ਕੇ ਖੇਤੀਬਾੜੀ ਧੰਦੇ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ। ਕਿਸਾਨਾਂ ਨੂੰ ਬਿਨ੍ਹਾਂ ਕਿਸੇ ਵਿੱਤੀ ਘਾਟੇ ਤੋਂ ਫ਼ਸਲੀ ਵਿਭਿੰਨਤਾ ਵੱਲ ਲਿਜਾਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਤਾਂ ਕਿ ਸੂਬੇ ਦੇ ਗਿਰ ਰਹੇ ਪਾਣੀ ਦੇ ਪੱਧਰ ਨੂੰ ਅਤੇ ਕਿਸਾਨ ਦੀ ਆਰਥਿਕਤਾ ਨੂੰ ਉੱਚਾ ਚੁੱਕਿਆ ਜਾ ਸਕੇ। ਖੇਤੀਬਾੜੀ ਕਿੱਤੇ ਨੂੰ ਸੁਧਾਰ ਕੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾ ਕੇ ਹੋਰਨਾਂ ਸੂਬਿਆਂ ਲਈ ਵੀ ਮਿਸਾਲ ਕਾਇਮ ਕੀਤੀ ਜਾਵੇਗੀ। ਸੂਬੇ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਕਿਸਾਨਾਂ ਦਾ ਅਰਥਿਕ ਪੱਧਰ ਉੱਪਰ ਚੁੱਕ ਕੇ ਹੀ ਪੂਰਾ ਹੋਣਾ ਸੰਭਵ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਵਿਖੇ ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਕਿਸਾਨ ਮੇਲਾ ਆਜ਼ਾਦੀ ਦੇ ਅੰਮ੍ਰਿਤ ਮਹੋਤਵਸ ਤਹਿਤ ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ ਮੁਹਿੰਮ ਤਹਿਤ ਖੇਤੀਬੜੀ ਅਤੇ ਕਿਸਾਨ ਭਲਾਈ ਵਿਭਾਗ ਮੋਗਾ ਅਤੇ ਆਤਮਾ ਸਕੀਮ ਤਹਿਤ ਕੀਤਾ ਗਿਆ। ਇਸ ਕਿਸਾਨ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹੇ ਦੇ ਕਿਸਾਨਾਂ ਨੇ ਸ਼ਮੂਲੀਅਤ ਕਰਕੇ ਲਾਹੇਵੰਦ ਕਿਸਾਨੀ ਪ੍ਰਤੀ ਚੇਤਨਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਇਸ ਕਿਸਾਨ ਮੇਲੇ ਦਾ ਮੁੱਖ ਮੰਤਵ ਕਿਸਾਨ ਭਲਾਈ ਸਕੀਮਾਂ ਸਬੰਧੀ ਕਿਸਾਨਾਂ ਨੂੰ ਜਾਗ੍ਰਿਤ ਕਰਨਾ, ਕਿਸਾਨ ਅਤੇ ਵਿਗਿਆਨੀਆਂ ਵਿਚਕਾਰ ਵਿਚਾਰ ਵਟਾਂਦਰਾ, ਪਸ਼ੂਆਂ ਦੀ ਸਿਹਤ-ਸੰਭਾਲ ਅਤੇ ਕੁਦਤਰੀ ਸਰੋਤਾਂ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦੇਣਾ ਸੀ।