ਮੋਗਾ ਵਿੱਚ ਨਾਮੀ ਕਬੱਡੀ ਖਿਡਾਰੀ ਦੀ ਸੜਕ ਹਾਦੇਸ ਵਿੱਚ ਮੌਤ ਮੋਗਾ:ਮਾਂ ਖੇਡ ਕਬੱਡੀ ਨੂੰ ਚਾਹੁਣ ਵਾਲਿਆਂ ਲਈ ਤੇ ਖੇਡ ਜਗਤ ਲਈ ਮੋਗਾ ਤੋਂ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਇਕ ਨਾਮੀ ਕਬੱਡੀ ਖਿਡਾਰੀ ਜਗਦੀਪ ਸਿੰਘ, ਜੋ ਕਿ ਮੋਗਾ ਦੇ ਪਿੰਡ ਰਾਮੂੰਵਾਲਾ ਦਾ ਰਹਿਣ ਵਾਲਾ ਸੀ, ਦੀ ਮੌਤ ਹੋ ਗਈ ਹੈ।
ਪਰਿਵਾਰ ਵੱਲੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜਗਦੀਪ ਮੋਟਰਸਾਈਕਲ ਉਤੇ ਸਵਾਰ ਹੋ ਕੇ ਜਿੰਮ ਲਾ ਕੇ ਆਪਣੇ ਪਿੰਡ ਨੂੰ ਵਾਪਸ ਆ ਰਿਹਾ ਸੀ, ਇਸ ਦੌਰਾਨ ਮੋਗਾ ਤੋਂ ਬਾਘਾਪੁਰਾਣਾ ਰੋਡ ਉਤੇ ਜਾ ਰਹੇ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਖਿਡਾਰੀ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਜਿਮ ਲਾ ਕੇ ਘਰ ਪਰਤ ਰਿਹਾ ਸੀ ਖਿਡਾਰੀ :ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਦੀਪ ਦੇ ਪਿਤਾ ਗੁਰਤੇਜ ਸਿੰਘ ਨੇ ਕਿਹਾ ਕਿ ਜਗਦੀਪ ਸਿੰਘ ਦੀ ਉਮਰ 28 ਸਾਲ ਸੀ ਤੇ ਉਹ ਨੈਸ਼ਨਲ ਕਬੱਡੀ ਖਿਡਾਰੀ ਸੀ। ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਮਨੀਲਾ ਵਿੱਚ ਵੀ ਆਪਣਾ ਜੌਹਰ ਦਿਖਾ ਚੁੱਕਾ ਹੈ। ਹੁਣ ਉਸ ਨੇ ਕੈਨੇਡਾ ਜਾਣਾ ਸੀ, ਪਰ ਰੱਬ ਨੂੰ ਕੁਝ ਹੋ ਮਨਜ਼ੂਰ ਸੀ। ਉਨ੍ਹਾਂ ਦਸਿਆ ਕਿ ਜਗਦੀਪ ਰੋਜ਼ਾਨਾ ਦੀ ਤਰ੍ਹਾਂ ਆਪਣੇ ਚਾਚੇ ਦੇ ਲੜਕੇ ਨਾਲ ਜਿਮ ਲਾ ਕੇ ਵਾਪਸ ਘਰ ਪਰਤ ਰਿਹਾ ਸੀ, ਕਿ ਅਚਾਨਕ ਪਿੱਛਿਓਂ ਆ ਰਹੇ ਇਕ ਤੇਜ਼ ਰਫ਼ਤਾਰ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਜਗਦੀਪ ਦੀ ਮੌਕੇ ਉਤੇ ਮੌਤ ਹੋ ਗਈ, ਜਦਕਿ ਉਸ ਦੇ ਚਾਚੇ ਦਾ ਲੜਕਾ ਸਤਨਾਮ ਸਿੰਘ ਗੰਭੀਰ ਜ਼ਖਮੀ ਹੋ ਗਿਆ। ਦੋਵਾਂ ਨੂੰ ਰਾਹਗੀਰਾਂ ਨੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ, ਜਿਥੋਂ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ :ਮਾਮਲੇ ਸਬੰਧੀ ਜਦੋਂ ਪੁਲਿਸ ਅਧਿਕਾਰੀ ਏਐਸਆਈ ਹਰਪ੍ਰੀਤ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਾਮੂੰਵਾਲਾ ਨਜ਼ਦੀਕ ਕਿਸੇ ਵਾਹਨ ਨੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਹੈ, ਜਿਸ ਉਤੇ ਉਹ ਸਮੇਤ ਪੁਲਿਸ ਪਾਰਟੀ ਸਿਵਲ ਹਸਪਤਾਲ ਪਹੁੰਚੇ, ਜਿਥੇ ਇਕ ਨੌਜਵਾਨ ਜਗਦੀਪ ਦੀ ਮੌਤ ਹੋ ਚੁੱਕੀ ਸੀ, ਜਦਕਿ ਦੂਜਾ ਸਤਨਾਮ ਸਿੰਘ ਨੂੰ ਰੈਫਰ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਪ੍ਰਤੱਖਦਰਸ਼ੀਆਂ ਮੁਤਾਬਕ ਜੀਪ ਚਾਲਕ ਨੇ ਇਨ੍ਹਾਂ ਨੂੰ ਟੱਕਰ ਮਾਰੀ ਸੀ ਤੇ ਸੀਸੀਟੀਵੀ ਕੈਮਰੇ ਖੰਘਾਲ ਕੇ ਉਸ ਦੀ ਪਛਾਣ ਕੀਤੀ ਜਾ ਰਹੀ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।