ਮੂਸੇਵਾਲਾ ਦੇ 'ਗੀਤ 295' ਦੀ ਬਾਂਸਰੀ ਰਾਹੀਂ ਪੇਸ਼ਕਸ਼, ਵੇਖੋ, ਪ੍ਰਵਾਸੀ ਰਾਜੂ ਦਾ ਬਾਂਸਰੀ ਵਾਲਾ ਹੁਨਰ ! ਮੋਗਾ: ਪ੍ਰਮਾਤਮਾ ਹਰ ਇਕ ਨੂੰ ਕਲਾ ਬਖ਼ਸ਼ਦਾ ਹੈ। ਰੱਬ ਜਦੋਂ ਕਲਾ ਜਾਂ ਹੁਨਰ ਦਿੰਦਾ ਹੈ, ਤਾਂ ਉਹ ਜਾਤੀ-ਪਾਤੀ ਨਹੀ ਦੇਖਦਾ। ਅੱਜ ਜਿੱਥੇ ਬਹੁਤੇ ਪੰਜਾਬ ਦੇ ਹੀ ਨੌਜਵਾਨ ਇਲੈਕਟ੍ਰਾਨਿਕ ਸਾਜ਼ਾਂ ਦੀ ਵਰਤੋਂ ਕਰਦੇ ਅਤੇ ਸੁਣ ਰਹੇ ਹਨ, ਉੱਥੇ ਹੀ, ਕਈ ਅਜਿਹੇ ਨੌਜਵਾਨ ਵੀ ਹਨ, ਜੋ ਪੰਜਾਬ ਦੇ ਨਾ ਹੋ ਕੇ ਵੀ, ਪੰਜਾਬ ਦੇ ਸੰਗੀਤ ਕਲਾ ਦੇ ਤਕੜੇ ਫੈਨ ਹਨ। ਅਜਿਹੇ ਇਕ ਫੈਨ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਜੋ ਕਿ ਮੂਲ ਰੂਪ ਤੋਂ ਬਿਹਾਰ ਨਾਲ ਸਬੰਧਤ ਹੈ, ਪਰ ਪੰਜਾਬ ਦੇ ਸੰਗੀਤ ਅਤੇ ਬਾਂਸਰੀ ਨਾਲ ਉਸ ਦਾ ਮੋਹ ਪਿਆਰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।
ਸਿੱਧੂ ਮੂਸੇਵਾਲਾ ਦੇ ਗੀਤ 295 ਉੱਤੇ ਵੀ ਵਜਾਈ ਬਾਂਸੁਰੀ:ਮੂਲ ਰੂਪ ਤੋਂ ਬਿਹਾਰ ਵਾਸੀ ਰਾਜੂ ਪੰਜਾਬ ਦੀ ਸੰਗੀਤਕ ਕਲਾ ਦਾ ਅਜਿਹਾ ਫੈਨ ਹੈ ਕਿ ਉਸ ਨੇ ਬਾਂਸੁਰੀ ਦੇ ਕ੍ਰੇਜ਼ ਲੁਪਤ ਨਾ ਹੋਣ ਦਾ ਬੀੜਾ ਚੁੱਕ ਲਿਆ ਹੈ। ਰਾਜੂ ਨੇ ਦੱਸਿਆ ਕਿ ਲੋਕ ਜੋ ਧੁੰਨ ਕਹਿਣ ਮੈਂ ਵਜਾ ਦਿੰਦਾ ਹਾਂ। ਉਸ ਨੇ ਦੱਸਿਆ ਕਿ ਅੱਜ ਕੱਲ੍ਹ ਲੋਕ ਸਿੱਧੂ ਮੂਸੇਵਾਲਾ ਦੇ ਫੈਨ ਹਨ, ਤਾਂ ਮੈਂ ਉਨ੍ਹਾਂ ਦੇ ਕਹਿਣ ਉੱਤੇ ਮਰਹੂਮ ਸਿੱਧੂ ਮੂਸੇਵਾਲਾ ਦੇ ਗੀਤ 295 ਨੂੰ ਬਾਂਸੁਰੀ ਰਾਹੀਂ ਵਜਾਉਂਦਾ ਹਾਂ। ਉਸ ਨੇ ਦੱਸਿਆ ਕਿ ਹੋਰ ਵੀ ਹਜ਼ਾਰਾਂ ਗੀਤਾਂ ਦੀ ਧੁੰਨ ਆਪਣੀ ਬਾਂਸੁਰੀ ਰਾਹੀਂ ਵਜਾਉਂਦਾ ਹੈ। ਉਸ ਨੂੰ ਅਜਿਹਾ ਕਰਕੇ ਸਕੂਨ ਮਿਲਦਾ ਹੈ।
ਬਾਂਸੁਰੀ ਦੇ ਕ੍ਰੇਜ਼ ਨੂੰ ਵਧਾਉਣਾ ਚਾਹੁੰਦਾ:ਪ੍ਰਵਾਸੀ ਰਾਜੂ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਬਾਂਸੁਰੀ ਵੇਚ ਰਿਹਾ ਹੈ। ਬਾਂਸਰੀ (ਵੰਝਲੀ) ਹੁਣ ਕਿਤੇ ਨਾ ਕਿਤੇ ਲੁਪਤ ਹੁੰਦੀ ਜਾ ਰਹੀ ਹੈ। ਮੈਂ ਬਾਂਸੁਰੀ ਵਜਾ ਵਜਾ ਕੇ ਇਸ ਨੂੰ ਵੇਚ ਰਿਹਾ ਹਾਂ ਅਤੇ ਇਸ ਨੂੰ ਪ੍ਰਫੁਲਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਰਾਜੂ ਨੇ ਕਿਹਾ ਕਿ ਇਸ ਵਿੱਚ ਕਮਾਈ ਤਾਂ ਕੁੱਝ ਖਾਸ ਨਹੀਂ ਹੈ, ਪਰ ਗੁਜ਼ਾਰਾ ਚੱਲ ਰਿਹਾ ਹੈ। ਉਸ ਦੀ ਕੋਸ਼ਿਸ਼ ਹੈ ਕਿ ਬਾਂਸੁਰੀ ਕਿਤੇ ਗੁੰਮ ਨਾ ਹੋ ਜਾਵੇ। ਉਸ ਨੇ ਦੱਸਿਆ ਬਾਂਸਰੀ ਵਜਾਉਣਾ ਉਸ ਨੇ ਗੁਜਰਾਤ ਵਿੱਚ ਸਿੱਖੀ ਅਤੇ ਫਿਰ ਪੰਜਾਬ ਵਿੱਚ ਕਲਾ ਸਿੱਖੀ।
ਬਾਂਸੁਰੀ ਵਜਾ ਕੇ ਅਤੇ ਵੇਚ ਕੇ ਹੀ ਕਰਦਾ ਗੁਜ਼ਾਰਾ:ਪ੍ਰਵਾਸੀ ਰਾਜੂ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ। ਰਾਜੂ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿੱਚ ਇੱਥੇ ਪਤਨੀ ਤੇ ਤਿੰਨ ਬੱਚੇ ਹਨ। ਉਹ ਬਾਂਸੁਰੀਆਂ ਹੀ ਵੇਚਦਾ ਹੈ ਅਤੇ ਜੋ ਕੁਝ ਥੋੜਾ ਬਹੁਤ ਕਮਾਉਂਦਾ ਹੈ, ਉਸ ਨਾਲ ਹੀ, ਘਰ ਦਾ ਗੁਜ਼ਾਰਾ ਚੱਲਦਾ ਹੈ। ਉਸ ਨੇ ਦੱਸਿਆ ਕਿ ਉਹ ਮੋਗਾ ਵਿੱਚ ਕਿਰਾਏ ਦੇ ਮਕਾਨ ਉੱਤੇ ਰਹਿ ਰਿਹਾ ਹੈ।
ਇਹ ਵੀ ਪੜ੍ਹੋ:ਪੰਜਾਬ ਦੇ ਨੌਜਵਾਨ ਨੇ ਲਗਾਤਾਰ 120 ਘੰਟੇ ਵਜਾਇਆ ਤਬਲਾ, ਇੰਡੀਅਜ਼ ਵਰਲਡ ਰਿਕਾਰਡ ਵਿੱਚ ਦਰਜ ਹੋਇਆ ਨਾਂ