ਮੋਗਾ:ਪੰਜਾਬ ਭਰ ਵਿੱਚ ਨਸ਼ੇ ਦੇ ਕਾਰਨ ਕਈ ਪਰਿਵਾਰ ਉੱਜੜ ਗਏ ਅਤੇ ਕਈਆਂ ਮਾਵਾਂ ਦੀਆਂ ਕੁੱਖਾਂ ਉਜੜ ਗਈਆਂ ਹਨ। ਬੇਸ਼ੱਕ ਸਰਕਾਰਾਂ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸਦੇ ਬਾਵਜੁਦ ਵੀ ਨਸ਼ਿਆਂ ਦੇ ਕਾਰਨ ਆਏ ਦਿਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਇਸੇ ਨੂੰ ਦੇਖਦੇ ਹੋਏ ਹੁਣ ਪਿੰਡਾਂ ਦੇ ਲੋਕਾਂ ਨੇ ਨਸ਼ਾ ਤਸਕਰਾਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਦਰਅਸਲ ਪਿੰਡ ਵਿਚ ਨਸ਼ੇ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਜਿਸ ਦੇ ਰੋਸ ਵੱਜੋਂ ਮੋਗਾ ਦੇ ਪਿੰਡ ਬੁੱਗੀਪੁਰ ਵਿਖੇ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਪਿੰਡ ਵਿੱਚ ਨਸ਼ਿਆਂ ਤੇ ਪੂਰਨ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੀ ਰੋਕਥਾਮ ਦੇ ਲਈ ਰੈਲੀ ਕੱਢੀ ਗਈ। ਇਸ ਦੌਰਾਨ ਲੋਕਾਂ ਨੇ ਨਸ਼ਾ ਤਸਕਰਾਂ ਦੇ ਘਰਾਂ ਅੱਗੋਂ ਤਖਤੀਆਂ ਲੈਕੇ ਮਾਰਚ ਕੱਢਿਆ।
ਰੋਂਦੀਆਂ ਹੋਈਆਂ ਮਾਵਾਂ ਨੇ ਕੀਤੀ ਅਪੀਲ: ਲੋਕਾਂ ਨੇ ਕਿਹਾ ਕਿ ਸਰਕਾਰ ਬਣਾਉਣ ਤੋਂ ਪਹਿਲਾਂ ਪੰਜਾਬ ਵਿੱਚ ਹਰ ਕੋਈ ਇੱਕ ਹੀ ਵਾਅਦਾ ਕਰਦਾ ਹੈ ਕਿ ਉਹ ਸਰਕਾਰ ਬਣਨ ਤੋਂ ਬਾਅਦ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ। ਪੰਜਾਬ 'ਚ ਹਰ ਰੋਜ਼ ਨਸ਼ੇ ਦੀ ਓਵਰਡੋਜ਼ ਕਾਰਨ ਕਈ ਨੋਜਵਾਨਾਂ ਦੀ ਮੌਤ ਦਾ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਮੋਗਾ ਦੇ ਪਿੰਡ ਬੁੱਗੀਪੁਰਾ ਵਿੱਚ 200 ਦੇ ਕਰੀਬ ਨੌਜਵਾਨ ਚਿੱਟਾ ਅਤੇ ਮੈਡੀਕਲ ਨਸ਼ੇ ਦੇ ਆਦੀ ਹਨ ਅਤੇ ਕੁਝ ਨੌਜਵਾਨਾਂ ਦੀ ਮੌਤ ਵੀ ਹੋ ਚੁੱਕੀ ਹੈ। ਅੱਜ ਇਸ ਪਿੰਡ ਦੀ ਪੰਚਾਇਤ ਨੇ ਅਹਿਮ ਫੈਸਲਾ ਲਿਆ ਹੈ ਕਿ ਪਿੰਡ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਵੀ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾਵੇਗਾ ਅਤੇ ਪਿੰਡ ਵਿੱਚ ਨਸ਼ਾ ਤਸਕਰਾਂ ਦਾ ਬਾਈਕਾਟ ਕੀਤਾ ਜਾਵੇਗਾ। ਅੱਜ ਪਿੰਡ ਦੀਆਂ ਔਰਤਾਂ,ਬਜ਼ੁਰਗਾਂ ਅਤੇ ਨੋਜ਼ਵਾਨਾਂ ਵੱਲੋਂ ਪਿੰਡ ਵਿੱਚ ਇਕ ਰੈਲੀ ਕੱਢੀ ਗਈ, ਜਿਸ ਵਿੱਚ ਉਨ੍ਹਾਂ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਨਾਅਰੇਬਾਜ਼ੀ ਕੀਤੀ। ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਨਸ਼ਾ ਤਸਕਰਾਂ ਦੇ ਨਾਂ ਨਾਲ ਇੱਕ ਐਫੀਡੇਵਟ 'ਤੇ ਦਸਤਖਤ ਕਰਕੇ ਪੰਚਾਇਤ ਨੂੰ ਸੌਂਪ ਦਿੱਤੇ। ਅੱਜ ਦੇ ਇਸ ਰੋਸ਼ ਮਾਰਚ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹੋਏ ਜਿਨ੍ਹਾਂ ਦੇ ਪੁੱਤਰ ਦੀਆ ਨਸ਼ੇ ਨਾਲ ਮੋਤਾ ਹੋਈਆਂ ਨੇ।