ਮੋਗਾ: ਐਸਜੀਪੀਸੀ ਵੱਲੋਂ ਜਿੱਥੇ ਹਰ ਸਾਲ ਕਰੋੜਾਂ ਰੁਪਏ ਦਾ ਬਜਟ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਉਸਾਰਨ ਲਈ ਲਗਾਇਆ ਜਾਂਦਾ ਹੈ। ਉੱਥੇ ਹੀ ਮੋਗਾ ਦੇ ਮੇਨ ਬਾਜ਼ਾਰ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਦੀ ਹਾਲਤ ਦਿਨ ਬ ਦਿਨ ਖਸਤਾ ਹੁੰਦੀ ਜਾ ਰਹੀ ਹੈ । ਗੁਰਦੁਆਰਾ ਸਾਹਿਬ ਦੀਆਂ ਕੰਧਾਂ ਅਤੇ ਛੱਤਾਂ ਬਿਲਕੁਲ ਖ਼ਸਤਾ ਹੋ ਚੁੱਕੀਆਂ ਹਨ ਜੋ ਕਿ ਕਿਸੇ ਵੇਲੇ ਵੀ ਵੱਡੀ ਘਟਨਾ ਦਾ ਕਾਰਨ ਬਣ ਸਕਦੀਆਂ ਹਨ।
ਗੁਰਦੁਆਰਾ ਸਾਹਿਬ ਅੰਦਰ ਨਤਮਸਤਕ ਹੋਣ ਅਤੇ ਸੇਵਾ ਕਰਨ ਲਈ ਪਹੁੰਚ ਦੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਹਾਲਾਤਾਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਇਹ ਗੁਰਦੁਆਰਾ ਸਾਹਿਬ ਤਕਰੀਬਨ 100 ਸਾਲ ਪੁਰਾਣਾ ਹੈ । ਪਹਿਲਾਂ ਐਸਜੀਪੀਸੀ ਦੀਆਂ ਸਾਰੀਆਂ ਗਤੀਵਿਧੀਆਂ ਅਤੇ ਮੀਟਿੰਗਾਂ ਇਸੇ ਗੁਰਦੁਆਰਾ ਸਾਹਿਬ ਵਿੱਚ ਹੁੰਦੀਆਂ ਸਨ।
ਸਿੱਖ ਸੰਗਤਾਂ ਦਾ ਰੋਸ ਹੈ ਕਿ ਉਹ ਇਸ ਗੁਰਦੁਆਰਾ ਸਾਹਿਬ ਨਾਲ ਸ਼ਰਧਾ ਨਾਲ ਦਿਲ ਤੋਂ ਜੁੜੇ ਹੋਏ ਹਨ ਉਨ੍ਹਾਂ ਦੇ ਦਿਲਾਂ ਅੰਦਰ ਗੁਰਦੁਆਰਾ ਸਾਹਿਬ ਲਈ ਦਰਦ ਹੈ। ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਕੋਈ ਵੀ ਮੁਰੰਮਤ ਨਹੀਂ ਕਰਵਾਈ ਗਈ ਹੈ।
ਸੰਗਤਾਂ ਨੇ ਇਹ ਵੀ ਦੱਸਿਆ ਕਿ ਸਮੇਂ ਸਮੇਂ ਤੇ ਉਨ੍ਹਾਂ ਵੱਲੋਂ ਕਾਫੀ ਵਾਰ ਇਸ ਸਬੰਧ ਵਿੱਚ ਚਿੱਠੀ ਪੱਤਰ ਰਾਹੀਂ ਐਸਜੀਪੀਸੀ ਨੂੰ ਜਾਣੂ ਕਰਵਾਇਆ ਗਿਆ ਹੈ, ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਮੁਰੰਮਤ ਦੀ ਸਖ਼ਤ ਜ਼ਰੂਰਤ ਹੈ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ।
ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਗੇਟ ਬਿਲਕੁਲ ਟੁੱਟਿਆ ਹੋਇਆ ਹੈ, ਛੱਤਾਂ ਮੀਂਹ ਪੈਣ ਤੇ ਚੋਣ ਲੱਗ ਜਾਂਦੀਆਂ ਹਨ। ਗੁਰਦੁਆਰਾ ਸਾਹਿਬ ਅੰਦਰ ਪਾਣੀ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਹੈ ਅਤੇ ਦੀਵਾਰਾਂ ਦੀ ਖ਼ਸਤਾ ਹਾਲਤ ਹੋ ਕੇ ਡਿੱਗਣ ਦੀ ਮਿਆਦ ਤੱਕ ਪੁੱਜ ਚੁੱਕੀਆਂ ਹਨ। ਸੰਗਤਾਂ ਨੇ ਐਸਜੀਪੀਸੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸਿੰਘ ਸਭਾ ਮੋਗਾ ਦੇ ਬਿਲਡਿੰਗ ਦੀ ਮੁਰੰਮਤ ਕਰਵਾਈ ਜਾਵੇ। ਇਸ ਦੇ ਨਾਲ ਹੀ ਇੱਥੇ ਜੋ ਸਹੂਲਤਾਂ ਦੀ ਘਾਟ ਹੈ, ਉਹ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਸਿੱਖ ਸੰਗਤਾਂ ਸ਼ਰਧਾ ਨਾਲ ਆ ਕੇ ਇਸ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਸਕਣ।