ਮੋਗਾ: ਮੋਗਾ ’ਚ ਇਕ ਪੁਲਿਸ ਮੁਲਾਜ਼ਮ ਨੇ ਆਪਣੇ ਸਰਵਿਸ ਹਥਿਆਰ AK-47 ਨਾਲ ਆਪਣੀ ਪਤਨੀ, ਸੱਸ, ਸਾਲਾ ਤੇ ਸਾਲੇਹਾਰ ਦਾ ਕਤਲ ਕਰ ਦਿੱਤਾ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ ਹੈ। ਮੁਲਜ਼ਮ ਕੁਲਵਿੰਦਰ ਸਿੰਘ ਪੰਜਾਬ ਪੁਲਿਸ ਦਾ ਹੌਲਦਾਰ ਦੱਸਿਆ ਜਾ ਰਿਹਾ ਹੈ।
ਫਾਇਰਿੰਗ ਵਿੱਚ ਪੰਜ ਲੋਕਾਂ ਦੇ ਗੋਲੀ ਲੱਗੀ। ਜਿਸ ਚੋਂ ਚਾਰ ਦੀ ਮੌਤ ਹੋ ਗਈ ਅਤੇ ਇੱਕ ਲੜਕੀ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਲੜਕੀ ਨੂੰ ਇਲਾਜ ਲਈ ਹਸਪਤਾਲ ਭਰਤੀ ਕੀਤਾ ਗਿਆ।
ਚਾਰ ਮ੍ਰਿਤਕਾਂ ਦੀ ਸ਼ਨਾਖ਼ਤ ਮੁਲਜ਼ਮ ਦੀ ਪਤਨੀ ਰਾਜਵਿੰਦਰ ਕੌਰ, ਸੱਸ ਸੁਖਵਿੰਦਰ ਕੌਰ, ਸਾਲ਼ਾ ਜਸਕਰਨ ਸਿੰਘ ਤੇ ਸਾਲ਼ੇਹਾਰ ਇੰਦਰਜੀਤ ਕੌਰ ਵਜੋਂ ਹੋਈ ਹੈ। ਜਸਕਰਨ ਸਿੰਘ ਦੀ 10 ਸਾਲਾ ਧੀ ਜਸਪ੍ਰੀਤ ਕੌਰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹੈ।
ਪੁਲਿਸ ਮੁਤਾਬਕ ਇਹ ਘਟਨਾ ਮੋਗਾ ਦੇ ਧਰਮਕੋਟ ਲਾਗਲੇ ਪਿੰਡ ਸੈਦਪੁਰ ਜਲਾਲ ਵਿਖੇ ਵਾਪਰੀ ਹੈ। ਚਸ਼ਮਦੀਦ ਗਵਾਹਾਂ ਮੁਤਾਬਕ ਮੁਲਜ਼ਮ ਹੌਲਦਾਰ ਨੇ ਵਾਰਦਾਤ ਨੁੰ ਅੰਜਾਮ ਦੇਣ ਤੋਂ ਬਾਅਦ ਘਰ ਦੇ ਕੋਠੇ ’ਤੇ ਚੜ੍ਹ ਕੇ ਲਲਕਾਰੇ ਵੀ ਮਾਰੇ। ਪੁਲਿਸ ਦਾ ਇਹ ਹੌਲਦਾਰ ਆਪਣੇ ਇੱਕ ਸਾਥੀ ਤੋਂ ਇਹ ਆਖ ਕੇ ਏਕੇ–47 ਮੰਗ ਕੇ ਲਿਆਇਆ ਸੀ ਕਿ ਉਸ ਨੇ ਕਿਸੇ ਉੱਚ ਪੁਲਿਸ ਅਧਿਕਾਰੀ ਨਾਲ ਡਿਊਟੀ ਉੱਤੇ ਜਾਣਾ ਹੈ।
ਦਰਅਸਲ, ਕੁਲਵਿੰਦਰ ਸਿੰਘ ਨੇ ਪਹਿਲਾਂ ਆਪਣੇ ਸਹੁਰਿਆਂ ਦੇ ਹੀ ਪਿੰਡ ਉਨ੍ਹਾਂ ਦੀ ਜ਼ਮੀਨ ਉੱਤੇ ਸੂਰਾਂ ਦਾ ਇੱਕ ਫ਼ਾਰਮ ਖੋਲ੍ਹਿਆ ਸੀ ਤੇ ਹੁਣ ਸਹੁਰਾ ਪਰਿਵਾਰ ਉਸ ਤੋਂ ਆਪਣੀ ਜ਼ਮੀਨ ਵਾਪਸ ਮੰਗ ਰਿਹਾ ਸੀ। ਉਸੇ ਜ਼ਮੀਨ ਦੇ ਝਗੜੇ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਪਰਿਵਾਰ ਵਿੱਚ ਕਲੇਸ਼ ਚੱਲਦਾ ਆ ਰਿਹਾ ਸੀ।
ਮੁਲਜ਼ਮ ਕੁਲਵਿੰਦਰ ਸਿੰਘ ਨੇ 2014 'ਚ ਵੀ ਸ਼ਰਾਬ ਪੀ ਕੇ ਆਪਣੇ ਸਹੁਰਿਆਂ ਦੇ ਘਰ 'ਚ ਗੋਲੀਆਂ ਚਲਾਈਆਂ ਸਨ। ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਵਿਰੁੱਧ ਮੋਗਾ 'ਚ ਨਸ਼ਿਆਂ ਦੀ ਸਮੱਗਲਿੰਗ ਦਾ ਇੱਕ ਕਥਿਤ ਮਾਮਲਾ ਵੀ ਦਰਜ ਦੱਸਿਆ ਜਾਂਦਾ ਹੈ।
ਫਿਲਹਾਲ ਮੌਕੇ ਉਤੇ ਪਹੁੰਚੀ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।