ਮੋਗਾ: ਬਾਲ ਵਿਆਹ ਦੀ ਕੁਰੀਤੀ ਸਾਡੇ ਸਮਾਜ 'ਤੇ ਕਾਲਾ ਧੱਬਾ ਹੈ। ਸਰਕਾਰਾਂ ਨੇ ਬਾਲ ਵਿਆਹ ਨੂੰ ਰੋਕਣ ਲਈ ਸਖ਼ਤ ਕਾਨੂੰਨ ਵੀ ਬਣਾਏ ਹਨ। ਇਸ ਦੇ ਬਾਵਜੂਦ ਇਹ ਕੁਰੀਤੀ ਰੁਕਣ ਦਾ ਨਾਮ ਨਹੀਂ ਲੈ ਰਹੀ। ਕੂਝ ਇਸੇ ਤਰ੍ਹਾਂ ਦਾ ਹੀ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਚੁਗਾਵਾਂ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਨਾਨੇ ਨੇ ਅੱਠਵੀਂ ਜਮਾਤ 'ਚ ਪੜ੍ਹਦੀ ਆਪਣੀ 13 ਵਰ੍ਹਿਆਂ ਦੀ ਦੋਹਤੀ ਦਾ ਬਾਲ ਵਿਆਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪਿੰਡ ਦੇ ਮੁਹਤਬਰਾਂ ਅਤੇ ਆਂਗਣਵਾੜੀ ਵਰਕਰਾਂ ਦੇ ਮੁਤਾਬਿਕ ਇਹ ਮਾਮਲਾ ਉਸ ਵੇਲੇ ਚਾਨਣ ਵਿੱਚ ਆਇਆ ਜਦੋਂ ਬਾਲ ਵਿਆਹ ਦਾ ਸ਼ਿਕਾਰ ਹੋਈ ਬਾਲੜੀ ਆਪਣੇ ਨਾਨਕੇ ਪਿੰਡ ਚੁਗਾਵਾਂ ਪਤੀ ਸਿਮੇਤ ਮਿਲਣ ਲਈ ਆਈ। ਇਸ ਮਗਰੋਂ ਪਿੰਡ ਦੀ ਪੰਚਾਇਤ ਨੇ ਪੁੱਛਗਿਛ ਕੀਤੀ ਤਾਂ ਪਤਾ ਲੱਗਿਆ ਗਿਆ ਕਿ ਬਾਲੜੀ ਨੂੰ ਤਰਨ ਤਾਰਨ ਲਿਜਾ ਕੇ ਉਸ ਦਾ ਵਿਆਹ ਕਰਵਾ ਦਿੱਤਾ ਗਿਆ ਸੀ। ਆਂਗਣਵਾੜੀ ਵਰਕਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਾਡੇ ਪਿੰਡ ਚੋਗਾਵਾਂ ਵਿੱਚ ਨਾਨੇ ਨੇ ਆਪਣੀ 13 ਸਾਲਾਂ ਦੀ ਦੋਹਤੀ ਦਾ ਵਿਆਹ 30 ਸਾਲ ਦੇ ਮੁੰਡੇ ਨਾਲ ਕਰ ਦਿੱਤਾ ਹੈ।
ਪਿੰਡ ਦੇ ਮੁਹਤਬਰਾਂ ਦੇ ਅਨੁਸਾਰ ਇਸ ਬਾਲੜੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਦੀ ਮਾਂ ਨੇ ਦੂਜਾ ਵਿਆਹ ਕਰਵਾਇਆ ਹੋਇਆ ਹੈ। ਇਹ ਬਾਲੜੀ ਅਤੇ ਉਸ ਦਾ ਨਿੱਕਾ ਭਰਾ ਆਪਣੇ ਨਾਨਕੇ ਪਿੰਡ ਨਾਨੇ ਕੋਲ ਰਹਿੰਦੇ ਹਨ।