ਮੋਗਾ :ਮੋਗਾ ਦੇ ਪੌਸ਼ ਇਲਾਕੇ ਸੀਆਈਏ ਸਟਾਫ਼ ਵਾਲੀ ਗਲੀ 'ਚ ਬਾਬਾ ਬਣਕੇ ਆਏ ਇਕ ਵਿਅਕਤੀ ਨੇ ਬਜ਼ੁਰਗ ਪਤੀ-ਪਤਨੀ ਕੋਲੋਂ ਲੱਖਾਂ ਰੁਪਏ ਦਾ ਸੋਨਾ ਲੁੱਟ ਲਿਆ ਅਤੇ ਇਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਲੁੱਟ ਦੀ ਘਟਨਾ ਉਥੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਇਸ ਘਟਨਾ ਦੇ ਅਨੁਸਾਰ ਮੋਗਾ 'ਚ ਪਹਿਲਾਂ ਵੀ ਚੋਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹੀਆਂ ਹਨ। ਪਰ ਹੁਣ ਚੋਰਾਂ ਨੇ ਚੋਰੀ ਤੇ ਲੁੱਟ ਖੋਹ ਦਾ ਨਵਾਂ ਤਰੀਕਾ ਸਿੱਖ ਲਿਆ ਹੈ। ਮੋਗਾ ਵਿੱਚ ਇੱਕ ਸੀਸੀਟੀਵੀ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਬਾਬੇ ਅਤੇ ਉਸਦੇ 2 ਸਾਥੀਆਂ ਨੇ ਇੱਕ ਬਜ਼ੁਰਗ ਪਤੀ-ਪਤਨੀ ਨੂੰ ਨਿਸ਼ਾਨਾ ਬਣਾਇਆ ਹੈ। ਲੁਟੇਰੇ ਕੁਝ ਹੀ ਸੈਕਿੰਡਾਂ ਵਿੱਚ ਬਜ਼ੁਰਗ ਪਤੀ ਪਤਨੀ ਨੂੰ ਆਪਣੀਆਂ ਗੱਲਾਂ ਵਿੱਚ ਲਾ ਕੇ ਸੋਨੇ ਦੀ ਮੁੰਦਰੀਆ ਲੈ ਕੇ ਫਰਾਰ ਹੋ ਗਏ।
ਗੱਲਾਂ ਵਿੱਚ ਵਰਗਲਾ ਕੇ ਕੀਤੀ ਵਾਰਦਾਤ :ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਜੋੜੇ ਨੇ ਸਭ ਕੁੱਝ ਲਾਹ ਕੇ ਆਪਣੇ ਹੱਥਾਂ ਨਾਲ ਉਸ ਲੁਟਰੇ ਨੂੰ ਫੜਾਏ ਸੀ, ਜਿਸਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਬਾਰੇ ਬਜ਼ੁਰਗ ਔਰਤ ਨੇ ਦੱਸਿਆ ਕਿ ਇਕ ਬਾਬਾ ਅਤੇ ਉਸਦੇ 2 ਸਾਥੀ ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਸੀ। ਉਨ੍ਹਾਂ ਵਲੋਂ ਪਹਿਲਾਂ ਰੋਕਿਆ ਗਿਆ ਅਤੇ ਮੇਰੇ ਪਤੀ ਨੂੰ ਆਪਣੀਆਂ ਗੱਲਾਂ ਵਿਚ ਲਾ ਲਿਆ, ਪਤਾ ਨਹੀਂ ਉਨ੍ਹਾਂ ਨੇ ਕੀ ਕੀਤਾ ਕਿ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਮੁੰਦਰੀਆਂ ਲਾਹ ਕੇ ਬਾਬੇ ਦੇ ਭੇਸ ਵਾਲੇ ਲੁਟਰੇ ਨੂੰ ਦੇ ਦਿੱਤੀਆ ਅਤੇ ਉਨ੍ਹਾਂ ਵਲੋਂ ਰੁਮਾਲ ਵਿਚ ਕੁਝ ਬੰਨ੍ਹ ਕੇ ਸਾਨੂੰ ਦੇ ਦਿਤਾ। ਉਸ ਬਾਬੇ ਨੇ ਕਿਹਾ ਸੀ ਕਿ ਮੁੰਦਰੀ ਇਸ ਰੁਮਾਲ ਦੇ ਅੰਦਰ ਹੈ ਅਤੇ ਤੁਸੀਂ ਘਰ ਜਾ ਕੇ ਇਸ ਨੂੰ ਖੋਲ੍ਹ ਕੇ ਦੇਖਣਾ। ਮਹਿਲਾ ਨੇ ਦੱਸਿਆ ਕਿ ਮੇਰੇ ਪਤੀ ਨੇ ਮੇਰੇ ਇਨਕਾਰ ਕਰਨ ਦੇ ਬਾਵਜੂਦ ਉਸਨੇ ਸਾਰਾ ਕੁਝ ਦੇ ਦਿਤਾ। ਹਾਲਾਂਕਿ ਇਹ ਬਾਅਦ ਵਿੱਚ ਸੋਚਿਆ ਕਿ ਉਨ੍ਹਾਂ ਅਜਿਹਾ ਕਿਉਂ ਕੀਤਾ।