ਮੋਗਾ: ਪੰਜਾਬ ਅਤੇ ਪੂਰੇ ਦੇਸ਼ ਦੀ ਏ ਸ਼੍ਰੇਣੀ ਦੇ ਗੈਂਗਸਟਰਾਂ ਵਿੱਚ ਸ਼ੁਮਾਰ ਗੈਂਗਸਟਰ ਸੁੱਖਪ੍ਰੀਤ ਬੁੱਢਾ ਨੂੰ ਮੋਗਾ ਪੁਲਿਸ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਸਾਹਿਲ ਨਾਂਅ ਦੇ ਸਖ਼ਸ ਨੂੰ ਫੋਨ ਉੱਤੇ ਧਮਕੀਆਂ ਦੇਣ ਦੇ ਮਾਮਲੇ ਵਿੱਚ ਲੋੜੀਂਦਾ ਹੋਣ ਤੋਂ ਬਾਅਦ ਪ੍ਰੋਡਕਸ਼ਨ ਵਾਰੰਟ ਉੱਤੇ ਜ਼ਿਲ੍ਹੇ ਵਿੱਚ ਲੈਕੇ ਆਈ। ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰ ਬੁੱਢਾ ਨੂੰ ਅਦਾਲਤ ਵਿੱਚ ਪੇਸ਼ ਕਰਕੇ 10 ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਗੈਂਗਸਟਰ ਉੱਤੇ ਪੰਜਾਬ ਵਿੱਚ ਵੱਖ ਵੱਖ ਧਰਾਵਾਂ ਤਹਿਤ 26 ਮਾਮਲੇ ਦਰਜ ਹਨ।
ਵਿੱਕੀ ਗੌਂਡਰ ਦਾ ਸਾਥੀ ਬੁੱਢਾ: ਦੱਸ ਦਈਏ ਗੈਂਗਸਟਰ ਸੁੱਖਪ੍ਰੀਤ ਬੁੱਢਾ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦਾ ਸਾਥੀ ਹੈ। ਨਾਭਾ ਜੇਲ ਬ੍ਰੇਕ ਕਾਂਡ ਵਿੱਚ ਗੈਂਗਸਟਰ ਬੁੱਢਾ ਨੇ ਵਿੱਕੀ ਗੌਂਡਰ ਦਾ ਸਾਥ ਦਿੱਤਾ ਸੀ। ਗੌਂਡਰ ਨਾਲ ਹੱਥ ਮਿਲਾਉਣ ਤੋਂ ਪਹਿਲਾਂ ਸੁੱਖਪ੍ਰੀਤ ਬੁੱਢਾ ਇੱਕ ਕਾਰ ਮਕੈਨਿਕ ਸੀ ਅਤੇ ਦੋਸਤ ਨਾਲ ਹੋਈ ਤਕਰਾਰ ਵਿੱਚ ਬੁੱਢਾ ਨੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ । ਸਜ਼ਾ ਦੌਰਾਨ ਪੈਰੋਲ ਉੱਤੇ ਆਉਣ ਤੋਂ ਬਾਅਦ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਇਸ ਤੋਂ ਬਾਅਦ ਬੁੱਢਾ ਨੇ ਗੈਂਗਸਟਰ ਦਵਿੰਦਰ ਬਬੀਹਾ ਦੇ ਗਰੁੱਪ ਦੇ ਨਾਲ ਹੱਥ ਮਿਲਾਇਆ।