ਮੋਗਾ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਮੋਗਾ ਪਹੁੰਚੇ। ਜਿੱਥੇ ਉਨ੍ਹਾਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਮਾਲਵਿਕਾ ਸੂਦ, ਬਾਘਾਪੁਰਾਣਾ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਭਾਰਤ ਭੂਸ਼ਣ ਆਸ਼ੂ ਨੇ ਪੰਜਾਬ ਅਤੇ ਕੇਂਦਰ ਸਰਕਾਰ ਉੱਤੇ ਜੰਮ ਕੇ ਨਿਸ਼ਾਨੇ ਸਾਧੇ। ਉਨਾਂ੍ਹ ਕਿਹਾ ਕਿ ਜਿਵੇਂ ਦੀ ਕਾਰਵਾਈ ਰਾਹੁਲ ਗਾਂਧੀ 'ਤੇ ਹੋਈ ਹੈ ਉਸ ਦੀ ਹਰ ਕੋਈ ਨਿਖੇਧੀ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਇਹ ਐਮਰਜੈਂਸੀ ਹੈ ਜਿੱਥੇ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਹਰ ਹਿਲਾ ਵਸੀਲਾ ਵਰਤਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਆਸ਼ੂ ਨੇ ਕਿਹਾ ਕਿ ਕਾਂਗਰਸ ਦੇ ਕਾਨੂੰਨੀ ਮਾਹਿਰ ਆਪਣੀ ਲੜਾਈ ਲੜ ਰਹੇ ਹਨ, ਜਿਵੇਂ ਜਿਵੇਂ ਕੋਈ ਵੀ ਕਦਮ ਚੱੁਕਿਆ ਜਾਵੇਗਾ ਤਾਂ ਮੀਡੀਆ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਅੰਮ੍ਰਿਤਪਾਲ ਬਾਰੇ ਕੀ ਬੋਲੇ ਆਸ਼ੂ:ਇਸ ਦੇ ਨਾਲ ਹੀ ਅੰਮ੍ਰਿਤਪਾਲ ਦੇ ਸਵਾਲ 'ਤੇ ਆਸ਼ੂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਭਾਈਚਾਰਕ ਸਾਂਝ ਤਬਾਹ ਕਰਨ ਲਈ ਵਰਤਿਆ ਜਾ ਰਿਹਾ ਹੈ। ਜਿਸ ਤਰ੍ਹਾਂ ਇਸ ਮੁੱਦੇ ਨੂੰ ਉਛਾਲਿਆ ਜਾ ਰਿਹਾ ਹੈ। ਉਸ ਤੋਂ ਇਵੇਂ ਹੀ ਪ੍ਰਤੀਤ ਹੋ ਰਿਹਾ ਕਿ ਜਾਣ-ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਉਸ ਨੂੰ ਫੜਨ 'ਚ ਨਾਕਾਮ ਰਹੀ ਹੈ। ਉਸ ਨੂੰ ਆਰਾਮ ਨਾਲ ਫੜਿਆ ਜਾ ਸਕਦਾ ਸੀ ਪਰ ਸਰਕਾਰ ਨੇ ਇਹ ਸਾਰਾ ਡਰਾਮਾ ਰਚਿਆ ਹੈ। ਸਾਬਕਾ ਕੈਬਨਿਟ ਮੰਤਰੀ ਆਸ਼ੂ ਨੇ ਪੱਤਰਕਾਰ ਨਾਲ ਗੱਲ ਕਰਦੇ ਆਖਿਆ ਕਿ ਇਹ ਸਾਰਾ ਕੁੱਝ ਸਕ੍ਰਿਪਟਿਡ ਹੈ , ਪਰ ਇਹ ਸਕ੍ਰਿਪਟ ਲਿਖੀ ਕਿਸ ਨੇ ਹੈ ਇਸ ਬਾਰੇ ਤਾਂ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਹੀ ਜਾਵੇਗਾ।