ਮੋਗਾ: ਸੂਬੇ 'ਚ ਪੰਜਾਬ ਪੁਲਿਸ ਕਾਨੂੰਨ ਵਿਵਸਥਾ ਸਹੀ ਹੋਣ ਦੇ ਲੱਖਾਂ ਦਾਅਵੇ ਕਰਦੀ ਹੈ ਪਰ ਨਿੱਤ ਦਿਨ ਹੋ ਰਹੀਆਂ ਵਾਰਦਾਤਾਂ ਉਨ੍ਹਾਂ ਦਾਅਵਿਆਂ 'ਤੇ ਪਾਣੀ ਫੇਰ ਰਹੀਆਂ ਹਨ। ਤਾਜ਼ਾ ਮਾਮਲਾ ਮੋਗਾ ਦਾ ਹੈ, ਜਿਥੇ ਸ਼ਹਿਰ ਦੇ ਰਤਨ ਸਿਨੇਮਾ ਨੇੜੇ ਬੀਤੀ ਦੇਰ ਰਾਤ ਦੋ ਧਿਰਾਂ ਵਿਚਾਲੇ ਲੱਗਭਗ 15 ਦੇ ਕਰੀਬ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਦੋਵਾਂ ਪਾਸਿਆਂ ਦੇ ਦੋ ਵਿਅਕਤੀਆਂ ਨੂੰ ਗੋਲੀ ਲੱਗੀ ਹੈ। ਜਿਸ ਵਿੱਚੋਂ ਇੱਕ ਧਿਰ ਦੇ ਵਿਕਾਸ ਜਿੰਦਲ ਦੀ ਮੌਤ ਹੋ ਗਈ ਜਦਕਿ ਦੂਜੇ ਧਿਰ ਦਾ ਵੀਰ ਸਿੰਘ ਉਰਫ਼ ਮਿੱਠੂ ਸਥਾਨਕ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਦਿਵਾਲੀ ਦਾ ਮਾਹੌਲ ਹੋਣ ਕਾਰਨ ਰਤਨ ਸਿਨੇਮਾ ਨੇੜੇ ਇੱਕ ਥਾਂ ’ਤੇ ਜੂਆ ਖੇਡਿਆ ਜਾ ਰਿਹਾ ਸੀ। ਜਿੱਥੇ ਇਹ ਦੋਵੇਂ ਧਿਰਾਂ ਆਹਮੋ- ਸਾਹਮਣੇ ਆ ਗਈਆਂ।
ਇੱਕ ਸਾਲ ਤੋਂ ਮਿਲ ਰਹੀਆਂ ਸੀ ਧਮਕੀਆਂ:ਇਸ ਦੌਰਾਨ ਮ੍ਰਿਤਕ ਦੇ ਪਿਤਾ ਜਗਦੀਸ਼ ਕੁਮਾਰ ਨੇ ਦੱਸਿਆ ਕਿ ਉਸ ਨੂੰ, ਉਸ ਦੇ ਭਰਾ ਅਤੇ ਭਤੀਜੇ ਨੂੰ ਪਿਛਲੇ ਇਕ ਸਾਲ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਜਿਸ ਕਾਰਨ ਕੁਝ ਲੋਕਾਂ ਨੇ ਉਸ ਦੇ ਬੇਟੇ ਅਤੇ ਭਤੀਜੇ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੇ ਲੜਕੇ ਵਿਕਾਸ ਜਿੰਦਲ (27) ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਧਮਕੀਆਂ ਦੇ ਚੱਲਦੇ ਹੀ ਉਨ੍ਹਾਂ ਨੇ ਆਪਣੇ ਪੁੱਤ ਅਤੇ ਭਤੀਜੇ ਨੂੰ ਕਿਤੇ ਪਾਸੇ ਭੇਜਿਆ ਹੋਇਆ ਸੀ ਤੇ ਦਿਵਾਲੀ ਮਨਾਉਣ ਲਈ ਉਹ ਘਰ ਆਏ ਸੀ।