Amritpal Arrest: ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ, ਕਿਹਾ- ਅੰਮ੍ਰਿਤਪਾਲ ਨੇ ਕੀਤਾ ਸਰੰਡਰ' ਮੋਗਾ: ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਤੇ ਇੰਟੇਲੀਜੈਂਸ ਦੀਆਂ ਟੀਮਾਂ ਨੇ ਗ੍ਰਿਫਤਾਰ ਕਰ ਲਿਆ ਹੈ। ਅੰਮ੍ਰਿਤਪਾਲ ਨੂੰ ਸਵੇਰੇ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ, ਸਮਰਥਕਾਂ ਦੀ ਭੀੜ ਵਿੱਚ ਸਰੰਡਰ ਕਰਨਾ ਚਾਹੁੰਦਾ ਸੀ, ਮਾਹੌਲ ਵਿਗੜਨ ਦੇ ਖਦਸ਼ੇ ਹੇਠ ਪੁਲਿਸ ਨੇ ਸਾਦੀ ਵਰਦੀ ਵਿੱਚ ਗੁਰਦੁਆਰਾ ਜਾ ਕੇ ਅੰਮ੍ਰਿਤਪਾਲ ਨੂੰ ਪਹਿਲਾਂ ਦੀ ਗ੍ਰਿਫਤਾਰ ਕਰ ਲਿਆ ਹੈ। ਇਸ ਸਾਰੇ ਮਾਮਲੇ ਤੋਂ ਬਾਅਦ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਨੇ ਕਿਹਾ ਕਿ ਅੰਮ੍ਰਿਤਪਾਲ ਨੇ ਸਰੰਡਰ ਕੀਤਾ ਹੈ।
ਅੰਮ੍ਰਿਤਪਾਲ ਨੇ ਸਰੰਡਰ ਕੀਤਾ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਨੇ ਦੱਸਿਆ ਕਿ ਅੰਮ੍ਰਿਤਪਾਲ ਬੀਤੀ ਰਾਤ ਲੇਟ ਪਿੰਡ ਰੋਡੇ ਪਹੁੰਚਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਹੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ। ਜਸਵੀਰ ਸਿੰਘ ਰੋਡੇ ਨੇ ਦੱਸਿਆ ਕਿ ਅੰਮ੍ਰਿਤਪਾਲ ਨੇ ਖੁਦ ਹੀ ਕਿਹਾ ਸੀ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸੰਗਤ ਨੂੰ ਸੰਬੋਧਨ ਕਰਨਗੇ ਅਤੇ ਸਾਰੇ ਕਾਰਨ ਦੱਸਣਗੇ ਕਿ ਹੁਣ ਤੱਕ ਮੈਂ ਗ੍ਰਿਫਤਾਰੀ ਕਿਉਂ ਨਹੀਂ ਦਿੱਤੀ। ਉਸ ਤੋਂ ਬਾਅਦ ਠੀਕ ਸੱਤ ਵਜੇ ਅੰਮ੍ਰਿਤਪਾਲ ਨੇ ਗੁਰਦੁਆਰਾ ਤੋਂ ਬਾਹਰ ਆ ਕੇ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਬਾਅਦ ਬਠਿੰਡਾ ਤੋਂ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ।
ਉਨ੍ਹਾਂ ਦੱਸਿਆ ਕਿ ਜਦੋਂ ਅੰਮ੍ਰਿਤਪਾਲ ਨੇ ਸੰਬੋਧਨ ਕੀਤਾ ਉਸ ਬਾਰੇ ਸਾਰੀ ਵੀਡੀਓ ਮੀਡੀਆ ਵਿੱਚ ਜਾਰੀ ਕੀਤੀ ਗਈ ਹੈ, ਉਸ ਨੂੰ ਦੇਖਿਆ ਜਾਵੇ ਜਿਸ ਨਾਲ ਇਹ ਸਾਫ ਹੋ ਜਾਵੇਗਾ ਕਿ ਅੰਮ੍ਰਿਤਪਾਲ ਨੇ ਸਰੰਡਰ ਕੀਤਾ ਹੈ ਜਾਂ ਗ੍ਰਿਫਤਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਤਾਂ ਕਹਿਣਾ ਹੈ ਹੀ ਕਿ ਉਨ੍ਹਾਂ ਨੇ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰੀ ਤੋਂ ਪਹਿਲਾਂ ਅੰਮ੍ਰਿਤਪਾਲ ਨੇ ਕੀਤਾ ਸੰਬੋਧਨ: ਗ੍ਰਿਫਤਾਰੀ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਨੇ ਪ੍ਰਚਾਰ ਕਰਦਿਆ ਕਿਹਾ ਕਿ, "ਇਹ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਸਥਾਨ ਹੈ। ਉਸ ਥਾਂ 'ਤੇ ਅਸੀਂ ਆਪਣਾ ਕੰਮ ਵਧਾ ਰਹੇ ਹਾਂ ਅਤੇ ਇਕ ਅਹਿਮ ਮੋੜ 'ਤੇ ਖੜ੍ਹੇ ਹਾਂ। ਇਕ ਮਹੀਨੇ ਤੋਂ ਜੋ ਕੁਝ ਵੀ ਹੋਇਆ ਹੈ, ਉਹ ਸਾਰਿਆਂ ਨੇ ਦੇਖਿਆ ਹੈ। ਜੇਕਰ ਇਹ ਸਿਰਫ ਗ੍ਰਿਫ਼ਤਾਰੀ ਦੀ ਹੀ ਗੱਲ ਹੁੰਦੀ ਤਾਂ, ਗ੍ਰਿਫਤਾਰੀ ਕਰਨ ਦੇ ਕਈ ਤਰੀਕੇ ਸੀ। ਪਰ, ਅਸੀਂ ਸਹਿਯੋਗ ਕਰਾਂਗੇ। ਦੁਨੀਆ ਦੀ ਕਚਹਿਰੀ ਵਿੱਚ ਗੁਨਾਹਗਾਰ ਹੋ ਸਕਦੇ ਹਾਂ। ਸੱਚੇ ਗੁਰੂ ਦੀ ਕਚਹਿਰੀ ਵਿੱਚ ਨਹੀਂ ਹਾਂ। ਇੱਕ ਮਹੀਨੇ ਬਾਅਦ ਫੈਸਲਾ ਲਿਆ ਹੈ ਕਿ ਇਸ ਧਰਤੀ ਉੱਤੇ ਲੜੇ ਹਾਂ ਅਤੇ ਲੜਾਂਗੇ। ਜਿੰਨੇ ਵੀ ਝੂਠੇ ਕੇਸ ਉਸ ਉੱਤੇ ਕੇਸ ਹਨ, ਅਸੀਂ ਉਨ੍ਹਾਂ ਦਾ ਸਾਹਮਣਾ ਕਰਾਂਗੇ, ਗ੍ਰਿਫਤਾਰੀ ਅੰਤ ਨਹੀਂ, ਬਲਕਿ ਸ਼ੁਰੂਆਤ ਹੈ।"
ਸਵੇਰੇ ਹੋਈ ਗ੍ਰਿਫਤਾਰੀ, ਇਹ ਮਾਮਲੇ ਦਰਜ:ਜ਼ਿਕਰਯੋਗ ਹੈ ਕਿ 36 ਦਿਨਾਂ ਤੋਂ ਫ਼ਰਾਰ ਅੰਮ੍ਰਿਤਪਾਲ ਸਿੰਘ ਨੂੰ ਸਵੇਰੇ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਕਤਲ ਦੀ ਕੋਸ਼ਿਸ਼, ਕਾਨੂੰਨ ਵਿੱਚ ਰੁਕਾਵਟ ਪਾਉਣ ਅਤੇ ਸਮਾਜ ਅਤੇ ਧਰਮਾਂ ਵਿੱਚ ਵਿਗਾੜ ਪੈਦਾ ਕਰਨ ਦੇ ਇਲਜ਼ਾਮ ਹਨ। ਇਸ ਤੋਂ ਪਹਿਲਾਂ, ਪੁਲਿਸ ਤੋਂ ਬਚਣ ਲਈ ਉਸ ਨੇ ਤਿੰਨ ਕਾਰਾਂ ਬਦਲੀਆਂ, ਕੱਪੜੇ ਬਦਲੇ ਅਤੇ ਅਖੀਰ ਮੋਟਰਸਾਈਕਲ ’ਤੇ ਫਰਾਰ ਹੋ ਗਿਆ। 20 ਅਪ੍ਰੈਲ ਨੂੰ ਇਮੀਗ੍ਰੇਸ਼ਨ ਅਫ਼ਸਰਾਂ ਨੇ ਲੰਦਨ ਜਾ ਰਹੀ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਾਰ ਦੇ ਹਵਾਈ ਅੱਡੇ ਉੱਤੇ ਰੋਕ ਕੇ ਪੁੱਛਗਿੱਛ ਕੀਤੀ ਸੀ ਅਤੇ ਤਿੰਨ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਕਿਰਨਦੀਪ ਕੌਰ ਨੂੰ ਵਾਪਸ ਉਸ ਦੇ ਪਿੰਡ ਭੇਜ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:Amritpal Singh's Arrest Timeline: ਪੰਜ ਮਹੀਨਿਆਂ ਤੋਂ ਲੱਗੀ ਸੀ ਫਿਲਡਿੰਗ !, ਜਾਣੋ ਕਦੋਂ ਕੀ ਹੋਇਆ