ਮੋਗਾ: ਸਾਡੇ ਸਮਾਜ 'ਚ ਮਾਂ-ਬਾਪ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਬਜ਼ੁਰਗ ਮਾਤਾ ਪਿਤਾ ਨਾਲ ਹੁੰਦੀਆਂ ਬੇਕਦਰੀਆਂ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਲਕਾ ਬਾਘਾਪੁਰਾਣਾ ਦੇ ਅਧੀਨ ਪੈਂਦੇ ਪਿੰਡ ਵੈਰੋਕੇ ਤੋਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਜੋੜੇ ਨੇ ਉਨ੍ਹਾਂ ਦੇ ਬੇਟੇ ਅਤੇ ਨੂੰਹ 'ਤੇ ਕੁੱਟਮਾਰ ਦਾ ਦੋਸ਼ ਲਗਾਇਆ।
ਬਜ਼ੁਰਗ ਜੋੜੇ ਨੇ ਨੂੰਹ-ਪੁੱਤ 'ਤੇ ਲਗਾਏ ਕੁੱਟਮਾਰ ਦੇ ਦੋਸ਼ ਬਜ਼ੁਰਗ ਜੋੜੇ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਅਤੇ ਨੂੰਹ ਅਕਸਰ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਦੇ ਨਾਲ ਕੁੱਟਮਾਰ ਕਰਦੇ ਹਨ ਤੇ ਇਸ ਵਾਰ ਵੀ ਉਨ੍ਹਾਂ ਨੇ ਘਰ ਵਿੱਚ ਆ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਇਸ ਦੌਰਾਨ ਜਦੋਂ ਉਨ੍ਹਾਂ ਦੇ ਛੋਟੇ ਬੇਟੇ ਨੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਨਾਲ ਵੀ ਕੁੱਟਮਾਰ ਕੀਤੀ। ਛੋਟਾ ਬੇਟਾ ਅਤੇ ਬਜ਼ੁਰਗ ਜੋੜਾ ਸਰਕਾਰੀ ਹਸਪਤਾਲ ਵਿਖੇ ਇਲਾਜ ਅਧੀਨ ਹਨ।
ਜਾਣਕਾਰੀ ਦਿੰਦਿਆਂ ਬਜ਼ੁਰਗ ਪਤੀ-ਪਤਨੀ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਅਤੇ ਨੂੰਹ ਅਕਸਰ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨਾਲ ਮਾਰਕੁੱਟ ਕਰਦੇ ਰਹਿੰਦੇ ਹਨ। ਇਨ੍ਹਾਂ ਦੀ ਪਹਿਲਾਂ ਵੀ ਥਾਣਾ ਸਮਾਲਸਰ ਵਿੱਚ ਕਈ ਵਾਰ ਦਰਖਾਸਤ ਦਿੱਤੀ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਲਟਾ ਉਨ੍ਹਾਂ ਨੂੰ ਹੀ ਥਾਣੇ ਬੈਠਾ ਲਿਆ ਜਾਂਦਾ ਹੈ।
ਬਜ਼ੁਰਗ ਜੋੜੇ ਦੇ ਛੋਟੇ ਬੇਟੇ ਨੇ ਕਿਹਾ ਕਿ ਉਸ ਦਾ ਭਰਾ ਅਤੇ ਭਾਬੀ ਉਨ੍ਹਾਂ ਨਾਲੋਂ ਵੱਖ ਰਹਿੰਦੇ ਹਨ ਪਰ ਫਿਰ ਵੀ ਉਹ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹਨ ਅਤੇ ਉਨ੍ਹਾਂ ਨਾਲ ਮਾਰ ਕੁੱਟ ਕਰਦੇ ਹਨ। ਛੋਟੇ ਬੇਟੇ ਦਾ ਕਹਿਣਾ ਸੀ ਕਿ ਉਸ ਨੇ ਇਸ ਦੀ ਸੂਚਨਾ ਥਾਣਾ ਸਮਾਲਸਰ ਦੇ ਦਿੱਤੀ ਹੈ ਪਰ ਪੁਲਿਸ ਧੱਕੇ ਨਾਲ ਉਨ੍ਹਾਂ ਤੋਂ ਰਾਜੀਨਾਮਾ ਕਰਵਾਉਣ ਲਈ ਕਹਿੰਦੀ ਹੈ।
ਜਾਂਚ ਅਧਿਕਾਰੀ ਰਾਜ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ। ਤਫਤੀਸ਼ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।