ਮੋਗਾ: ਫਰਵਰੀ ਮਹੀਨੇ ਤੋਂ ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਅਤੇ ਨਾ ਹੀ ਸਿੱਖਿਆ ਵਿਭਾਗ, ਪੰਜਾਬ ਸਰਕਾਰ ਵੱਲੋਂ ਲੋੜੀਂਦਾ ਬਜਟ ਜਾਰੀ ਕੀਤਾ ਹੈ। ਇਸਦੇ ਰੋਸ ਵਿੱਚ ਅਧਿਆਪਕ ਜਥੇਬੰਦੀਆਂ ਡੀਟੀਐੱਫ਼ ਤੇ ਈਟੀਯੂ (Teachers Associations DTF and ETU) ਨੇ ਮੋਗਾ ਵਿਖੇ ਮਿੰਨੀ ਸਕੱਤਰੇਤ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਅਤੇ ਬਾਅਦ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੋਗਾ ਦਾ ਘਿਰਾਓ ਕੀਤਾ ਗਿਆ।
ਇਸ ਮੌਕੇ ਡੈਮੋਕਰੈਟਿਕ ਟੀਚਰਜ਼ ਫ਼ਰੰਟ (Democratic Teachers Front) ਮੋਗਾ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਮਟਵਾਣੀ ਅਤੇ ਐਲੀਮੈਂਟਰੀ ਟੀਚਰਜ਼ ਯੂਨੀਅਨ (Elementary Teachers Union) ਮੋਗਾ ਦੇ ਆਗੂ ਦਿਲਬਾਗ ਬੌਡੇ ਰੋਸ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਸਰਕਾਰ ਅਧਿਆਪਕਾਂ ਨੂੰ ਤਨਖਾਹਾਂ ਦੇਣ ਤੋਂ ਲਗਾਤਾਰ ਪਾਸਾ ਵੱਟਦਾ ਆ ਰਿਹਾ ਹੈ। ਮਾਰਚ ਮਹੀਨੇ ਵਿਚ ਅਧਿਆਪਕਾਂ ਨੇ ਇਨਕਮ ਟੈਕਸ ਰਿਟਰਨ ਲਈ ਬਣਦਾ ਸਲਾਨਾ ਟੈਕਸ ਅਦਾ ਕਰਨਾ ਹੁੰਦਾ ਹੈ ਅਤੇ ਹੋਮ ਲੋਨ ਆਦਿ ਦੀਆਂ ਕਿਸ਼ਤਾਂ ਭਰਨੀਆਂ ਹੁੰਦੀਆਂ ਹਨ ਪਰ ਤਨਖਾਹ ਨਾ ਮਿਲਣ ਕਾਰਨ ਉਹ ਟੈਕਸ ਅਤੇ ਲੋਨ ਦੀਆਂ ਕਿਸ਼ਤਾਂ ਨਹੀਂ ਭਰ ਸਕਦੇ। ਇਸ ਤਰ੍ਹਾਂ ਦੇਰੀ ਹੋਣ ਨਾਲ ਵੱਡੇ ਜੁਰਮਾਨੇ ਵੀ ਭਰਨੇ ਪੈਣਗੇ ਜੋ ਆਰਥਿਕ ਤੌਰ 'ਤੇ ਵੱਡੀ ਮਾਰ ਹੋਵੇਗੀ।