ਮੋਗਾ:ਮੋਗਾ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਦੇ ADC ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਨਾਅਰੇ ਵੀ ਲਗਾਏ ਗਏ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ ਅਤੇ ਬਾਬਾ ਰੇਸ਼ਮ ਸਿੰਘ ਖੁਰਾਣਾ ਦੀ ਅਗਵਾਈ 'ਚ ਐਡੀਸ਼ਨਲ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਪਤਾ ਕੀਤੇ ਗਏ { ੩੨੮ } ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਮਾਮਲੇ 'ਚ ਜਾਂਚ ਕਮੇਟੀ ਬਣਾ ਕੇ ਤੁਰੰਤ ਜਾਂਚ ਅਰੰਭ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਅਸੀ ਜਦੋਂ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਸੀ ਉਸ ਸਮੇਂ ਵੀ 3 ਮੰਗਾਂ 'ਚ ਇਹ ਪ੍ਰਮੁਖ ਮੰਗ ਸੀ। ਪਰ ਅਜੇ ਤੱਕ ਸਾਨੂੰ ਇਸ ਬਾਰੇ ਕੋਈ ਵੀ ਜਬਾਬ ਨਹੀਂ ਮਿਲਿਆ। ਅਸੀਂ ਚਾਹੁੰਦੇ ਹਾਂ ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਲਈ ਸਾਡੀ ਸਰਕਾਰ ਨੂੰ ਜ਼ੋਰਦਾਰ ਅਪੀਲ ਹੈ ਕਿ ਇਸ ਮਾਮਲੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ।
ਦੂਸਰਾ ਬਹਿਬਲ ਕਲਾਂ ਕੋਟ ਕਪੂਰਾ ਗੋਲੀਕਾਂਡ ਦੇ ਮਾਮਲੇ 'ਚ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਕਿਉਂਕਿ ਪੁੱਛਗਿੱਛ ਹੁਣ ਬਹੁਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਗੋਲੀ ਕਾਂਡ ਦਾ ਮੁੱਖ ਦੋਸ਼ੀ ਮੰਨ ਕੇ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ DGP ਸੁਮੇਧ ਸੈਣੀ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਰੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।