ਮੋਗਾ: ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਘੋਲੀਆ ਖੁਰਦ ਤੋਂ ਫੂਲੇਵਾਲਾ ਦੇ ਵਿਚਕਾਰ ਨਹਿਰ ਦੇ ਪੁਲ ਕੋਲ ਇੱਕ ਲੱਗਭੱਗ 30-32 ਸਾਲ ਦੇ ਵਿਅਕਤੀ ਦੀ ਅਣਪਛਾਤੀ ਲਾਸ਼ ਮਿਲੀ ਹੈ। ਲਾਸ਼ ਨੂੰ ਸਾਈਕਲ ਦੇ ਨਾਲ ਬੰਨ੍ਹ ਕੇ ਨਹਿਰ ਵਿਚ ਸੁੱਟਿਆ ਗਿਆ ਸੀ ਜਿਸ ਨੂੰ ਸਮਾਜ ਸੇਵਾ ਸੁਸਾਇਟੀ ਵੱਲੋਂ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ।
ਜਾਣਕਾਰੀ ਦਿੰਦੇ ਹੋਏ ਮੋਗਾ ਦੇ ਡੀਐਸਪੀ ਜੰਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸੂਚਨਾ ਮਿਲੀ ਸੀ ਕਿ ਪਿੰਡ ਘੋਲੀਆ ਖੁਰਦ ਨਹਿਰ ਦੇ ਪੁਲ ਕੋਲ ਇੱਕ ਅਣਪਛਾਤੀ ਲਾਸ਼ ਨਹਿਰ ਵਿੱਚ ਮਿਲੀ ਹੈ ਜਿਸ ਨੂੰ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਹਿਰ ਵਿੱਚੋਂ ਬਾਹਰ ਕੱਢਿਆ। ਪੁਲਿਸ ਨੇ ਸਥਾਨਕ ਲੋਕਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਭੇਜ ਦਿੱਤਾ ਗਿਆ ਹੈ।