ਮੋਗਾ : ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਡਗਰੂ ਚੇ ਇੱਕ ਕਿਸਾਨ ਦੇ 26 ਕਿੱਲੇ ਗਲਤ ਦਵਾਈ ਛਿੜਕਣ ਨਾਲ ਪ੍ਰਭਾਵਿਤ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਕਿਸਾਨਾਂ ਲਖਬੀਰ ਸਿੰਘ ਅਤੇ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੁੱਲੀ ਡੰਡੇ ਨੂੰ ਨਸ਼ਟ ਕਰਨ ਵਾਲੀ ਦਵਾਈ ਮੋਗਾ ਦੇ ਦੁਸਾਂਝ ਪਿੰਡ ਦੇ ਡਿਸਟ੍ਰੀਬਿਊਟਰ ਰਾਹੀਂ ਪਿੰਡ ਚੜਿੱਕ ਦੇ ਦੁਕਾਨਦਾਰ ਤੋਂ ਖਰੀਦੀ ਸੀ। ਉਸ ਨੇ ਦੱਸਿਆ ਕਿ ਜਦੋਂ ਫਸਲ ਉਤੇ ਸਪ੍ਰੇਅ ਕੀਤੀ ਤਾਂ ਇਸ ਦਵਾਈ ਨੇ ਗੁੱਲੀ ਡੰਡੇ ਉਤੇ ਅਸਰ ਤਾਂ ਕੀ ਕਰਨਾ ਸੀ ਸਗੋਂ ਉਸ ਦੀ 26 ਕਿਲਿਆਂ ਕਣਕ ਦੀ ਫਸਲ ਨਸ਼ਟ ਕਰ ਦਿੱਤੀ।
ਪੀੜਤ ਕਿਸਾਨ ਦਾ ਕਹਿਣਾ ਹੈ ਕਿ ਦਵਾਈ ਰਾਹੀਂ ਮਚੀ ਹੋਈ ਕਣਕ ਸਬੰਧੀ ਦੁਕਾਨਦਾਰ ਅਤੇ ਡਿਸਟ੍ਰੀਬਿਊਟਰ ਨੂੰ ਦੱਸਿਆ ਪਰ ਉਨ੍ਹਾਂ ਵੱਲੋਂ ਟਾਲ ਮਟੋਲ ਕੀਤਾ ਜਾ ਰਿਹਾ ਹੈ। ਕਿਸਾਨ ਕਿਹਾ ਕਿ ਇਸ ਸਬੰਧੀ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਗਈ ਪਰ ਡੀਸੀ ਨੇ ਵੀ ਹਾਲੇ ਤੱਕ ਕੋਈ ਹਾਲ ਨਹੀਂ ਜਾਣਿਆ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਅਤੇ ਮੋਹਤਬਰ ਬੰਦਿਆਂ ਨੂੰ ਜਾਣਕਾਰੀ ਦਿਤੀ ਤੇ ਅੱਜ ਜਦੋਂ ਪੰਚਾਇਤ ਮੈਂਬਰਾਂ ਅਤੇ ਕਿਰਤੀ ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਪਿੰਡ ਵਿੱਚ ਚੜਿੱਕ ਦੇ ਦਵਾਈਆਂ ਦੀ ਦੁਕਾਨ 'ਤੇ ਗਏ ਪਰ ਉਥੇ ਉਹ ਦੁਕਾਨਦਾਰ ਆਪਣੀ ਦੁਕਾਨ ਬੰਦ ਕਰ ਕੇ ਮੌਕੇ ਤੋਂ ਫਰਾਰ ਹੋ ਗਿਆ।