ਮੋਗਾ: ਅਨੁਸੂਚਿਤ ਜਾਤੀਆਂ ਦੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਪੰਜਾਬ ਵਿੱਚ ਦਲਿਤ ਪਰਿਵਾਰਾਂ ਉਪਰ ਹੋਏ ਅੱਤਿਆਚਾਰਾਂ ਦਾ ਨੋਟਿਸ ਲੈਂਦਿਆਂ ਮੋਗਾ ਅਤੇ ਸੰਗਰੂਰ ਵਿੱਚ ਪੀੜਤ ਪਰਿਵਾਰਾਂ ਨੂੰ ਮਿਲੇ। ਸਾਂਪਲਾ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਬਾਰੇ ਕਾਨੂੰਨ ਤਹਿਤ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਪੈਨਸ਼ਨ ਤੋਂ ਇਲਾਵਾ ਪਰਿਵਾਰ ਦੇ ਯੋਗ ਮੈਂਬਰਾਂ ਨੂੰ ਨੌਕਰੀ ਅਤੇ ਗਰੈਜੂਏਸ਼ਨ ਤੱਕ ਮੁਫਤ ਪੜਾਈ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਪਰਿਵਾਰ ਨੂੰ ਵਾਈਯੋਗ ਜਮੀਨ ਵੀ ਦਿੱਤੀ ਜਾਵੇ। ਮੋਗਾ ਜ਼ਿਲ੍ਹੇ ਦੇ ਸੇਖਾ ਖੁਰਦ ਪਿੰਡ ’ਚ ਪੀੜਤ ਪਰਿਵਾਰ ਨਾਲ ਗੱਲਬਾਤ ਕਰਦਿਆਂ, ਜਿਸ ਦੀਆਂ 2 ਕੁੜੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਸਾਂਪਲਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਰਿਵਾਰ ਦੇ ਦੁਖੜੇ ਸੁਣਦਿਆਂ ਸਾਂਪਲਾ ਨੇ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਨੂੰ ਦਲਦ ਹੀ ਇਨਸਾਫ ਮਿਲੇਗਾ। ਦੋਵੇਂ ਸਕੀਆਂ ਭੈਣਾਂ ਦੀ ਮਾਂ ਨੇ ਇਨਸਾਫ ਦੀ ਮੰਗ ਕੀਤੀ ਅਤੇ ਕਿਹਾ ਕਿ ਦੋਸ਼ੀਆਂ ਨੂੰ ਫਾਂਸੀ ਲਾਇਆ ਜਾਵੇ।