ਮੋਗਾ :ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇੱਕ ਵਿਅਕਤੀ ਦੀ ਕੁੱਟਮਾਰ ਦੀ ਵੀਡੀਓ ਮਾਮਲੇ 'ਚ ਐਕਸ਼ਨ ਲੈਂਦਿਆਂ ਪੁਲਿਸ ਨੇ ਦੋਸ਼ੀ ਵਿਕਅਤੀਆਂ ਖ਼ਿਲਾਫ਼ ਬਾਇਨੇਮ ਪਰਚੇ ਦਰਜ ਕਰਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ ਇਹ ਮਾਮਲਾ ਮੋਗਾ ਦੇ ਬਾਘਾ ਪੁਰਾਣਾ ’ਚ ਪੈਂਦੇ ਪਿੰਡ ਗੁਰੂਸਰ ਮਾੜੀ ਮੁਸਤਫ਼ਾ ਦਾ ਹੈ ਜਿਥੇ ਕੁਝ ਦਿਨ ਪਹਿਲਾਂ ਪਿੰਡ ਵਾਲਿਆਂ ਨੇ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਇਸ ਕੁੱਟਮਾਰ ਦੀ ਵੀਡੀਓ ਵੀ ਬਣਾਈ ਗਈ। ਜੋ ਕਿ ਹੁਣ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਵਾਲਿਆਂ ਦੇ ਤਸ਼ੱਦਦ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ ਹੈ।
ਗੁਰਦੁਆਰਾ ਸਾਹਿਬ ’ਚ ਚੋਰੀ ਦੇ ਸਨ ਇਲਜ਼ਾਮ :ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਉਜਾਗਰ ਸਿੰਘ ਉੱਤੇ ਇਲਜ਼ਾਮ ਸਨ ਕਿ ਇਹ ਗੁਰਦੁਆਰਾ ਗੁਰੂ-ਪੁਰੀ ’ਚ ਦਾਖ਼ਲ ਹੋਇਆ ਸੀ। ਇਸ ਦੌਰਾਨ ਉਸਨੇ ਦਰਵਾਜ਼ਾ ਤੋੜ ਗੋਲਕ ’ਚੋਂ ਪੈਸੇ ਚੋਰੀ ਕਰ ਲਏ। ਇਸ ਘਟਨਾ ਸਬੰਧੀ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਉਕਤ ਨੌਜਵਾਨ ਨੂੰ ਖਿੜਕੀ ਨਾਲ ਬੰਨ੍ਹ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁਝ ਲੋਕਾਂ ਦਾ ਕਹਿਣਾ ਸੀ ਕਿ ਨੌਜਵਾਨ ਦਾ ਇਰਾਦਾ ਬੇਅਦਬੀ ਕਰਨ ਦਾ ਸੀ। ਜਿਸ ਤੋਂ ਲੋਕਾਂ ਨੇ ਗੁੱਸੇ ਵਿਚ ਆਕੇ ਨੌਜਵਾਨ ਨਾਲ ਇਹ ਤਸ਼ੱਦਦ ਢਾਇਆ ਗਿਆ। ਬਾਅਦ ’ਚ ਜਖ਼ਮਾਂ ਦੀ ਤਾਬ ਨਾ ਝਲਦਿਆਂ ਹਸਪਤਾਲ ’ਚ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਮਾਂ ਦੇ ਬਿਆਨ ਦੇ ਅਧਾਰ ’ਤੇ 6 ਬਾਏ ਨੇਮ ਅਤੇ 15 ਅਣ-ਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।