Moga Businessman Committed Suicide : ਮੋਗਾ ਦੇ ਚੌਲਾਂ ਦੇ ਵਪਾਰੀ ਨੇ ਕਰਜ਼ੇ ਤੋਂ ਦੁਖੀ ਹੋ ਕੇ ਨਹਿਰ 'ਚ ਛਾਲ ਮਾਰ ਕੀਤੀ ਖੁਦਕੁਸ਼ੀ ਮੋਗਾ:ਮੋਗਾ ਦੇ ਇਕ ਵੱਡੇ ਚੌਲਾਂ ਦੇ ਵਪਾਰੀ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਵਪਾਰੀ ਆਪਣੇ ਸਿਰ ਕਰਜੇ ਕਾਰਨ ਪਰੇਸ਼ਾਨ ਚੱਲ ਰਿਹਾ ਸੀ। ਉਸਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਿਕ ਮੋਗਾ ਦੇ ਜਵਾਹਰ ਨਗਰ ਦਾ ਰਹਿਣ ਵਾਲਾ 37 ਸਾਲਾ ਤਰੁਣ ਨਰੂਲਾ ਬੀਤੀ 12 ਮਾਰਚ ਤੋਂ ਘਰੋਂ ਲਾਪਤਾ ਸੀ ਅਤੇ ਪਰਿਵਾਰ ਵਲੋਂ ਉਸਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਜਾਣਕਾਰੀ ਮੁਤਾਬਿਕ ਤਰੁਣ ਕੁਮਾਰ ਦੀ ਲਾਸ਼ ਅੱਜ ਸਵੇਰੇ ਮੋਗਾ ਦੀ ਚੰਨੂ ਵਾਲਾ ਨਹਿਰ 'ਚੋਂ ਮਿਲੀ, ਇਸ ਤੋਂ ਬਾਅਦ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਚੱਲਿਆ ਹੈ।
ਚੌਲਾਂ ਦੇ ਵਪਾਰ ਵਿੱਚੋਂ ਪਿਆ ਸੀ ਘਾਟਾ :ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਵਪਾਰੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਰਖਵਾ ਦਿੱਤਾ ਗਿਆ ਹੈ। ਪੁਲਿਸ ਦੇ ਦੱਸੇ ਮੁਤਾਬਿਕ ਤਰੁਣ ਨਰੂਲਾ ਚੌਲਾਂ ਦਾ ਕਾਰੋਬਾਰ ਕਰਦਾ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਚੌਲਾਂ ਦੇ ਕਾਰੋਬਾਰ 'ਚ ਘਾਟਾ ਪੈਣ ਕਾਰਨ ਭਾਰੀ ਕਰਜ਼ੇ ਕਾਰਨ ਕਾਫੀ ਪਰੇਸ਼ਾਨ ਰਹਿੰਦਾ ਸੀ। ਇਹ ਵੀ ਦੱਸਿਆ ਗਿਆ ਹੈ ਕਿ ਤਰੁਣ ਨਰੂਲਾ 12 ਮਾਰਚ ਤੋਂ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ। ਤਰੁਣ ਨਰੂਲਾ ਦੀ ਪਤਨੀ ਨੇ ਇਸ ਸੰਬੰਧੀ ਥਾਣਾ ਸਿਟੀ ਸਾਉਥ ਵਿੱਚ ਉਸਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਇਹ ਵੀ ਪੜ੍ਹੋ :Power Employees Protest: ਲਾਈਨਮੈਨਾਂ ਦੇ ਤਬਾਦਲੇ ਦੇ ਵਿਰੋਧ 'ਚ ਮੁਲਾਜ਼ਮਾਂ ਨੇ ਦਿੱਤਾ ਧਰਨਾ, ਕੀਤੀ ਨਾਅਰੇਬਾਜ਼ੀ
ਮਹਿਲਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸਦਾ ਪਤੀ ਤਰੁਣ ਨਰੂਲਾ ਨੂੰ ਪਰਿਵਾਰ ਨੂੰ ਬਿਨਾਂ ਦੱਸੇ ਘਰ ਤੋਂ ਚਲਾ ਗਿਆ ਹੈ। ਤਰੁਣ ਦੇ ਪਰਿਵਾਰ 'ਚ ਪਤਨੀ ਅਤੇ 2 ਬੱਚੇ ਹਨ। ਸ਼ਹਿਰ ਦੇ ਕੁਝ ਲੋਕਾਂ ਤੋਂ ਜਾਣਕਾਰੀ ਮਿਲੀ ਹੈ ਕਿ ਤਰੁਣ 'ਤੇ ਕਰੀਬ 1.5 ਤੋਂ 2 ਕਰੋੜ ਦਾ ਕਰਜ਼ਾ ਸੀ, ਜਿਸ ਕਾਰਨ ਤਰੁਣ ਨੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਏ.ਐਸ.ਆਈ ਬੂਟਾ ਸਿੰਘ ਨੇ ਦੱਸਿਆ ਕਿ ਸ਼ਿਲਪਾ ਨਰੂਲਾ ਵਾਸੀ ਜਵਾਹਰ ਨਗਰ ਜ਼ਿਲ੍ਹਾ ਮੋਗਾ ਨੇ ਪੁਲਿਸ ਥਾਣਾ ਸਿਟੀ ਸਾਊਥ ਨੂੰ ਦਿੱਤੀ ਰਿਪੋਰਟ 'ਚ ਦੱਸਿਆ ਕਿ ਉਸਦਾ ਪਤੀ ਤਰੁਣ ਨਰੂਲਾ (37 ਸਾਲ) ਸੀ। ਉਹ 12 ਮਾਰਚ ਨੂੰ ਘਰ ਆਇਆ। ਪਰ ਬਿਨਾਂ ਕੁਝ ਦਸੇ ਘਰ ਤੋਂ ਚਲੇ ਗਏ। ਅੱਜ ਸਵੇਰੇ ਪੁਲੀਸ ਨੇ ਤਰੁਣ ਨਰੂਲਾ ਦੀ ਲਾਸ਼ ਮੋਗਾ ਦੇ ਚੰਨੂੰਵਾਲਾ ਨਹਿਰ ਦੇ ਪੁਲ ਨੇੜਿਓਂ ਬਰਾਮਦ ਕੀਤੀ ਹੈ। ਪੁਲਿਸ ਨੇ ਪਤਨੀ ਸ਼ਿਲਪਾ ਨਰੂਲਾ ਦੇ ਬਿਆਨਾਂ ਦੇ ਆਧਾਰ 'ਤੇ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਇਸ ਮਾਮਲੇ ਦੀ ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।