ਮੋਗਾ: ਕੋਟਕਪੂਰਾ ਬਾਈਪਾਸ ਨੇੜੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਾਫਿਲੇ ਦੀ ਗੱਡੀ ਭਿਆਨਕ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ ਹੈ। ਜਾਣਕਾਰੀ ਮੁਤਾਬਕ ਕਾਫਿਲੇ ਦੀ ਪਾਇਲਟ ਇਨੋਵਾ ਗੱਡੀ ਦੀ ਟਰੱਕ ਨਾਲ ਟਕੱਰ ਹੋ ਗਈ, ਜਿਸ ਨਾਲ ਇਨੋਵਾ ਬੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਹਾਦਸੇ ਦੌਰਾਨ ਇਨੋਵਾ ਸਵਾਰ 5 ਸੀਆਈਐੱਸਐੱਫ ਜਵਾਨਾਂ 'ਚੋਂ 1 ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਹਾਲਾਂਕਿ 4 ਜਵਾਨ ਗੰਭੀਰ ਜ਼ਖ਼ਮੀ ਹਨ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ 'ਤੋਂ ਫ਼ਰਾਰ ਹੋਣ 'ਚ ਕਾਮਯਾਬ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਟਰੱਕ ਚਾਲਕ ਦੀ ਭਾਲ ਜਾਰੀ ਹੈ।
ਦੱਸਣਯੋਗ ਹੈ ਕਿ ਮਜੀਠੀਆ ਦਾ ਕਾਫਿਲਾ ਰਾਤ ਨੂੰ ਜਲਾਲਾਬਾਦ ਤੋਂ ਮੁਕਤਸਰ ਵੱਲ ਜਾ ਰਹੀ ਸੀ। ਇਸ ਸੜਕ ਹਾਦਸੇ 'ਚ ਬਿਕਰਮ ਮਜੀਠੀਆ ਸੁਰੱਖਿਅਤ ਹਨ। ਹਾਦਸੇ ਤੋਂ ਬਾਅਦ ਹੀ ਮਜੀਠੀਆ ਆਪਣੇ ਜ਼ਖ਼ਮੀ ਜਵਾਨਾਂ ਨੂੰ ਲੈ ਕੇ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਪੁੱਜੇ। ਜ਼ਿਕਰਯੋਗ ਹੈ ਕਿ ਇਹ ਸੜਕ ਹਾਦਸਾ ਰਾਤ ਦੇ ਲਗਭਗ 2 ਵਜੇ ਦੇ ਕਰੀਬ ਹੋਇਆ ਹੈ। ਮੋਗਾ ਦੇ ਡੀਐਸਪੀ ਪਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਟਰੱਕ ਅਤੇ ਉਸ ਦੇ ਕਾਗਜ਼ਾਤ ਕਬਜ਼ੇ ਵਿੱਚ ਲੈ ਲਏ ਹਨ, ਡਰਾਈਵਰ ਦੀ ਭਾਲ ਜਾਰੀ ਹੈ, ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।