ਮੋਗਾ: ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਚ ਪਾਸ ਕੀਤੇ ਗਏ ਗੁਰਦੁਆਰਾ ਸੋਧ ਬਿੱਲ ਨੂੰ ਲੈ ਕੇ ਸਿੱਖ ਪੰਥ ਨਾਲ ਜੁੜੀਆਂ ਸ਼ਖਸੀਅਤਾਂ ਲਗਾਤਾਰ ਆਪਣਾ ਪ੍ਰਤੀਕ੍ਰਮ ਦਰਜ ਕਰਾ ਰਹੀਆਂ ਹਨ। ਇਸ ਬਿੱਲ ਨੂੰ ਲੈ ਕੇ ਤਿੱਖੇ ਪ੍ਰਤੀਕ੍ਰਮ ਲਗਾਤਾਰ ਸਾਹਮਣੇ ਆ ਰਹੇ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਜਿੰਨ੍ਹਾਂ ਨੇ ਸਿਆਸੀ ਪੱਧਰ ਤੇ ਆਪਣੀ ਸਰਗਰਮੀ ਵਧਾਈ ਹੋਈ ਹੈ, ਹਮਲਾਵਰ ਹੁੰਦੀ ਨਜ਼ਰ ਆਈ। ਅੱਜ ਮੋਗਾ ਵਿਖੇ ਸਾਬਕਾ ਸੂਚਨਾ ਕਮਿਸ਼ਨਰ ਅਤੇ ਭਾਰਤੀ ਜਨਤਾ ਪਾਰਟੀ ਦੀ ਸੂਬਾ ਅਨੁਸ਼ਾਸ਼ਨੀ ਕਮੇਟੀ ਦੇ ਮੈਂਬਰ ਨਿਧੜਕ ਸਿੰਘ ਬਰਾੜ ਦੇ ਘਰ ਬੀਬੀ ਜਗੀਰ ਕੌਰ ਪੁੱਜੇ ਸਨ। ਜਿੱਥੇ ਉਨ੍ਹਾਂ ਸਪਸ਼ਟ ਤੌਰ ਤੇ ਕਿਹਾ ਕਿ ਮੁੱਖ ਮੰਤਰੀ ਸ਼੍ਰੋਮਣੀ ਕਮੇਟੀ ਨੂੰ ਬਤੌਰ ਸਿੱਖ ਸੁਝਾਅ ਦੇ ਸਕਦੇ,ਹੁਕਮ ਨਹੀਂ।
ਬੀਬੀ ਜਗੀਰ ਕੌਰ ਨੇ ਮੋਗਾ 'ਚ ਕੀਤੀ ਭਾਜਪਾ ਆਗੂ ਨਾਲ ਬੰਦ ਕਮਰਾ ਮੀਟਿੰਗ, ਨਿਕਲ ਰਹੇ ਕਈ ਸਿਆਸੀ ਮਾਇਨੇ - aap government
ਬੀਬੀ ਜਗੀਰ ਕੌਰ ਵੱਲੋਂ ਅੱਜ ਮੋਗਾ ਵਿਖੇ ਸਾਬਕਾ ਸੂਚਨਾ ਕਮਿਸ਼ਨਰ ਅਤੇ ਭਾਰਤੀ ਜਨਤਾ ਪਾਰਟੀ ਦੀ ਸੂਬਾ ਅਨੁਸ਼ਾਸ਼ਨੀ ਕਮੇਟੀ ਦੇ ਮੈਂਬਰ ਨਿਧੜਕ ਸਿੰਘ ਬਰਾੜ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਗਈ। ਜਿਸ ਨੂੰ ਭਾਵੇਂ ਹੀ ਬੀਬੀ ਜਗੀਰ ਕੌਰ ਵਲੋਂ ਪਰਿਵਾਰਿਕ ਮੇਲ ਦੱਸਿਆ ਗਿਆ ਹੈ ਪਰ ਇਸ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਨਿਧੜਕ ਸਿੰਘ ਨਾਲ ਮਿਲਣੀ ਦੇ ਨਿਕਲ ਰਹੇ ਵੱਖੋ ਵੱਖ ਮਾਇਨੇ :ਇਸ ਦੌਰਾਨ ਜਦੋਂ ਬੀਬੀ ਜਗੀਰ ਕੌਰ ਕੋਲੋਂ ਪੁੱਛਿਆ ਗਿਆ ਕਿ ਕੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਰਾਘਵ ਚੱਢਾ ਦੀ ਸਗਾਈ ਉੱਤੇ ਜਾਣਾ ਸਹੀ ਸੀ ਕਿ ਨਹੀਂ ਤਾਂ ਉਹਨਾਂ ਕਿਹਾ ਕਿ ਸਗਾਈ ਉੱਤੇ ਜਾਣਾ ਗਲਤ ਵੀ ਨਹੀਂ ਪਰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸੀ। ਜੋ ਗੱਲਾਂ ਲੋਕ ਨਹੀਂ ਸਮਝ ਸਕਦੇ ਤੁਸੀਂ ਆਪ ਸਵਾਲ ਖੜ੍ਹੇ ਕਰਵਾਏ ਹਨ। ਮੀਡੀਆ ਨਾਲ ਗੱਲ ਕਰਨ ਤੋਂ ਪਹਿਲਾਂ ਬੀਬੀ ਜਾਗੀਰ ਕੌਰ ਨੇ ਮੋਗਾ ਵਿਖੇ ਭਾਜਪਾ ਆਗੂ ਅਤੇ ਸਾਬਕਾ ਸੂਚਨਾ ਕਮਿਸ਼ਨਰ ਨਿਧੜਕ ਬਰਾੜ ਨਾਲ ਕੀਤੀ ਬੰਦ ਕਮਰਾ ਮੀਟਿੰਗ ਵੀ ਕੀਤੀ। ਭਾਵੇਂ ਦੋਹਾਂ ਆਗੂਆਂ ਨੇ ਇਸ ਨੂੰ ਸਿਆਸੀ ਨਹੀਂ ਸਗੋਂ ਪਰਿਵਾਰਕ ਮਿਲਣੀ ਕਰਾਰ ਦਿੱਤਾ ਹੈ, ਪਰੰਤੂ ਸਿਆਸੀ ਤੌਰ ’ਤੇ ਇਸ ਦੇ ਵੱਖੋ-ਵੱਖਰੇ ਮਾਇਨੇ ਕੱਢੇ ਜਾ ਰਹੇ ਹਨ।
ਇਸ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਗੁਰਬਾਣੀ ਪ੍ਰਸ਼ਾਰਣ ਦੇ ਮਾਮਲੇ ’ਤੇ ਜੋ ਹੁਕਮ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਕੇ ਦਿੱਤੇ ਹਨ ਉਹ ਠੀਕ ਨਹੀਂ, ਕਿਉਂਕਿ ਮੁੱਖ ਮੰਤਰੀ ਬਤੌਰ ਸਿੱਖ ਹੁਕਮ ਨਹੀਂ ਸਗੋਂ ਸੁਝਾਅ ਦੇ ਸਕਦੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਦੋਂ ਪ੍ਰਸਾਰਣ ਮਾਮਲੇ ਸਬੰਧੀ ਟੀ.ਵੀ ਚੈਨਲਾਂ ਤੋਂ ਦੁਬਾਰਾ ਟੈਂਡਰ ਮੰਗਣ ਦੀ ਗੱਲ ਕਹੀ ਤਾਂ ਉਦੋਂ ਕੁਝ ਸੰਗਤਾਂ ਵਿਚ ਰੋਸ ਵੱਧ ਗਿਆ ਕਿਉਂਕਿ ਸੰਗਤਾਂ ਦਾ ਮੰਨਣਾ ਸੀ ਕਿ ਪੁਰਾਣੇ ਟੀ.ਵੀ ਚੈਨਲ ਨੂੰ ਹੀ ਪ੍ਰਸ਼ਾਰਣ ਦੇ ਹੱਕ ਦੇਣ ਦੀ ਵਿਉਂਤਬੰਦੀ ਘੜੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਦਾ ਪਹਿਲਾਂ ਹੀ ਹੁਕਮ ਸੀ ਕਿ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਸ਼ੁਰੂ ਕਰੇ। ਇਸ ਮੌਕੇ ਸਾਬਕਾ ਸੂਚਨਾਂ ਕਮਿਸ਼ਨਰ ਨਿਧੜਕ ਸਿੰਘ ਬਰਾੜ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ।