ਮੋਗਾ : ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਠੱਗ ਲੋਕਾਂ ਤੋਂ ਸਾਵਧਾਨ ਰਹਿਣ ਜੋ ਕਿ ਫੋਨ ਉੱਤੇ ਵੱਖ ਵੱਖ ਸਬਜ਼ਬਾਗ ਦਿਖਾ ਕੇ ਜਾਂ ਮਾਲੀ ਮਦਦ ਦੇ ਨਾਮ ਉੱਤੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ। ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਲਿਆਂਦਾ ਹੈ। ਜਿਸ ਨੂੰ ਡਿਪਟੀ ਕਮਿਸ਼ਨਰ ਨੇ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਫੋਨ ਕਰਕੇ ਇਹ ਸਬਜ਼ਬਾਗ਼ ਦਿਖਾਇਆ ਗਿਆ ਹੈ ਕਿ ਉਹਨਾਂ ਦੇ ਬੈਂਕ ਖਾਤੇ ਵਿੱਚ 9 ਲੱਖ ਰੁਪਏ ਆਉਣਗੇ ਜਿਸ ਵਿੱਚੋਂ 3.86 ਲੱਖ ਰੁਪਏ ਉਹਨਾਂ ਨੂੰ ਵਾਪਿਸ ਕਰਨੇ ਹੋਣਗੇ। ਇਸ ਗੱਲ ਦੀ ਪੁਸ਼ਟੀ ਲਈ ਸਬੰਧਤ ਵਿਅਕਤੀ ਨੂੰ ਬੈਂਕ ਵੱਲੋਂ ਫਰਜ਼ੀ ਫੋਨ ਕਰਕੇ ਖੁਸ਼ਖਬਰੀ ਵੀ ਦਿੱਤੀ ਜਾਂਦੀ ਹੈ। ਜਿਸ ਉੱਤੇ ਵਿਅਕਤੀ ਵੱਲੋਂ ਵਿਸ਼ਵਾਸ਼ ਕਰਕੇ ਮੰਗੀ ਗਈ 3.86 ਲੱਖ ਰੁਪਏ ਰਾਸ਼ੀ (ਜਾਂ ਕੋਈ ਵੀ ਰਾਸ਼ੀ) ਠੱਗਾਂ ਨੂੰ ਆਨਲਾਈਨ ਵੀ ਭੇਜ ਦਿੱਤੀ ਜਾਂਦੀ ਹੈ। ਜਦਕਿ ਉਸਦੇ ਆਪਣੇ ਖਾਤੇ ਵਿੱਚ ਕੁਝ ਵੀ ਨਹੀਂ ਆਇਆ ਹੁੰਦਾ।