ਮੋਗਾ: ਸੂਬੇ ਦੇ ਵਿਕਾਸ ਕਾਰਜਾਂ 'ਚ ਐਨਆਰਆਈ ਲੋਕਾਂ ਦਾ ਸਹਿਯੋਗ ਸ਼ੁਰੂ ਤੋਂ ਹੀ ਰਿਹਾ ਹੈ। ਇਸੇ ਗੱਲ ਦੀ ਗਵਾਹੀ ਭਰਦਾ ਹੈ ਪਿੰਡ ਕਪੂਰੇ ਦਾ ਸ਼ਮਸ਼ਾਨ ਘਾਟ। ਜਾਣਕਾਰੀ ਅਨੁਸਾਰ ਪਿੰਡ ਕਪੂਰੇ ਦਾ ਸ਼ਮਸ਼ਾਨ ਘਾਟ ਪਹਿਲਾਂ ਵੀਰਾਨ ਅਤੇ ਉੱਜੜਿਆ ਹੋਇਆ ਸੀ ਜਿਸ ਦੀ ਨੁਹਾਰ ਹੁਣ ਐਨਆਰਆਈ ਬਲਵਿੰਦਰ ਸਿੰਘ ਭੋਲਾ ਅਤੇ ਬੀਰ ਸਿੰਘ ਦੀ ਮਦਦ ਨਾਲ ਬਦਲ ਗਈ ਹੈ।
ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਲੌਕਡਾਊਨ 'ਚ ਜਦੋਂ ਸਾਰੀਆਂ ਉਡਾਣਾਂ ਬੰਦ ਹੋ ਚੁੱਕੀਆਂ ਸਨ ਉਸ ਸਮੇਂ ਭਾਰਤ 'ਚ ਫਸੇ ਹਾਗਕਾਂਗ ਦੇ ਇਹ ਦੋ ਵਿਅਕਤੀਆਂ ਨੇ ਆਪਣੇ ਪਿੰਡ ਕਪੂਰੇ ਦੇ ਨੌਜਵਾਨਾਂ ਅਤੇ ਉੱਥੋਂ ਦੇ ਲੋਕਾਂ ਨਾਲ ਮਿਲ ਕੇ ਪਿੰਡ ਦੀ ਨੁਹਾਰ ਬਦਲਣ ਦਾ ਫ਼ੈਸਲਾ ਕੀਤਾ। ਆਪਣੇ ਪੈਸੇ ਖ਼ਰਚ ਕੇ ਉਨ੍ਹਾਂ ਨੇ ਇਸ ਸ਼ਮਸ਼ਾਨ ਘਾਟ ਨੂੰ ਚੰਗੀ ਦਿੱਖ ਦਿੱਤੀ ਅਤੇ ਇਸ ਸ਼ਮਸ਼ਾਨ ਘਾਟ ਦਾ ਨਾਂਅ ਬਦਲ ਕੇ ਸਵਰਗਪੁਰੀ ਸ਼ਮਸ਼ਾਨ ਘਾਟ ਰੱਖਿਆ।
ਖ਼ੂਬਸੂਰਤੀ ਦੀ ਮਿਸਾਲ ਬਣਿਆ ਇਹ ਸ਼ਮਸ਼ਾਨ ਘਾਟ ਹੁਣ ਇਲਾਕੇ ਦਾ ਸਭ ਤੋਂ ਸਿਰ ਕੱਢਵਾਂ ਸ਼ਮਸ਼ਾਨ ਘਾਟ ਬਣ ਗਿਆ ਹੈ। ਕੰਧਾਂ 'ਤੇ ਬਣੀਆਂ ਗੁਰੂਆਂ ਪੀਰਾਂ ਦੀਆਂ ਪੇਂਟਿੰਗਾਂ ਜਿੱਥੇ ਸ਼ਮਸ਼ਾਨ ਘਾਟ ਨੂੰ ਸੋਹਣਾ ਬਣਾਉਂਦੀਆਂ ਹਨ ਉੱਥੇ ਹੀ ਇੱਥੇ ਆਉਣ ਵਾਲੇ ਲੋਕ ਇਨ੍ਹਾਂ ਤਸਵੀਰਾਂ ਨੂੰ ਦੇਖ ਅਤੇ ਪੜ੍ਹ ਆਪਣੇ ਇਤਿਹਾਸ ਤੋਂ ਜਾਣੂੰ ਹੁੰਦੇ ਹਨ।