ਮੋਗਾ: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (Bharatiya Kisan Union Sidhupur) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਅਤੇ ਉਨ੍ਹਾਂ ਨਾਲ ਗਏ ਵਫਦ ਨੂੰ ਕਰਨਾਟਕਾ ਦੇ ਬੈਂਗਲੌਰ ਸ਼ਹਿਰ ਵਿਚ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਉਹ ਕਿਸਾਨੀ ਮੰਗਾਂ ਨੂੰ ਲੈ ਕੇ ਉੱਥੇ ਪੁੱਜੇ ਸਨ। ਉਨ੍ਹਾਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਵੱਖ-ਵੱਖ ਭਰਾਤਰੀ ਜਥੇਬੰਦੀਆਂ ਤੇ ਕਿਸਾਨਾਂ ਨੂੰ ਨਾਲ ਲੈ ਕੇ ਪੰਜਾਬ ਭਰ ਵਿਚ ਧਰਨੇ ਦਿੱਤੇ। ਸੱਦੇ ਅਨੁਸਾਰ ਮੰਗਲਵਾਰ ਮੋਗਾ ਵਿਖੇ ਮੋਗਾ-ਬਰਨਾਲਾ ਅਤੇ ਮੋਗਾ-ਜਲੰਧਰ ਰੋਡ ਦੋ ਘੰਟੇ ਲਈ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ।
ਰੋਡ ਜਾਮ ਹੋਣ ਨਾਲ ਜਿੱਥੇ ਆਮ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਨੇੜਲੇ ਪਿੰਡਾਂ ਦੇ ਲੋਕ ਵੀ ਖੱਜਲ ਖੁਆਰ ਹੁੰਦੇ ਰਹੇ। ਇਹ ਜਾਮ ਉਸ ਵਕਤ ਹਟਾਇਆ ਗਿਆ ਜਦੋਂ ਕਰਨਾਟਕਾ ਵਿਚ ਕਿਸਾਨ ਆਗੂਆਂ ਨੂੰ ਰਿਹਾਅ ਕਰਨ ਦੇ ਆਦੇਸ਼ ਦੇ ਦਿੱਤੇ ਗਏ।