ਮੋਗਾ: ਇੱਥੋਂ ਦੇ ਪਿੰਡ ਚੜਿੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਮਹਿਲਾਵਾਂ ਵੱਲੋਂ ਚੇਤਨਾ ਮਾਰਚ ਕੱਢਿਆ ਗਿਆ। ਇਸ ਚੇਤਨਾ ਮਾਰਚ ਦੇ ਜ਼ਰੀਏ ਪਿੰਡ ਦੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਗਈ ਕਿ 8 ਮਾਰਚ ਨੂੰ ਵਿਸ਼ਵ ਮਹਿਲਾ ਦਿਵਸ ਮੌਕੇ ਦਿੱਲੀ ਵਿਖੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋਣ, ਤਾਂ ਕੀ ਕੇਂਦਰ ਸਰਕਾਰ ਨੂੰ ਪਤਾ ਚੱਲ ਸਕੇ ਕਿ ਹੁਣ ਕਿਸਾਨੀ ਅੰਦੋਲਨ ਵਿੱਚ ਨਾਰੀ ਵੀ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਡੱਟ ਗਈ ਹੈ। ਇਸ ਚੇਤਨਾ ਮਾਰਚ ਵਿੱਚ ਕਾਫੀ ਗਿਣਤੀ ਵਿਚ ਮਹਿਲਾਵਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮੌਜੂਦ ਸਨ ਅਤੇ ਉਨ੍ਹਾਂ ਵੱਲੋਂ ਪਿੰਡ ਚੜਿੱਕ ਵਿੱਚ ਚੇਤਨਾ ਮਾਰਚ ਕੱਢ ਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਮਹਿਲਾ ਐਡਵੋਕੇਟ ਜੋਗਿੰਦਰ ਕੌਰ ਨੇ ਕਿਹਾ ਕਿ 8 ਮਾਰਚ ਨੂੰ ਵਿਸ਼ਵ ਮਹਿਲਾ ਦਿਵਸ ਮੌਕੇ ਮੋਗਾ ਤੋਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਦਾ ਕਾਫ਼ਲਾ ਦਿੱਲੀ ਵੱਲ ਕੂਚ ਕਰੇਗਾ। ਉਥੇ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋ ਕੇ ਸਰਕਾਰ ਨੂੰ ਦਿਖਾਇਆ ਜਾਵੇਗਾ ਕਿ ਹੁਣ ਨਾਰੀ ਘਰੋਂ ਬਾਹਰ ਪੈਰ ਪੁੱਟ ਚੁੱਕੀ ਹੈ ਅਤੇ ਹੁਣ ਇਸ ਸੰਘਰਸ਼ ਨੂੰ ਖ਼ਤਮ ਕਰਕੇ ਹੀ ਮਹਿਲਾਵਾਂ ਵਾਪਸ ਆਉਣਗੀਆਂ।