ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ 'ਤੇ ਹਮਲੇ ਦੀ ਕੋਸ਼ਿਸ਼ ਮੋਗਾ: ਸੂਬੇ 'ਚ ਆਏ ਦਿਨੀਂ ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਜਿਸ ਕਾਰਨ ਪੰਜਾਬ ਸਰਕਾਰ ਉੱਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਤਾਜ਼ਾ ਮਾਮਲਾ ਮੋਗਾ ਦੇ ਬੁੱਕਣ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ੇ 'ਚ ਧੁੱਤ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਬਜ਼ੁਰਗ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਮਲਾਵਰਾਂ ਤੋਂ ਬਚਣ ਲਈ ਪੀੜਤ ਨਿਰੰਜਨ ਸਿੰਘ ਨੇ ਗੁਰਦੁਆਰੇ ਵਿੱਚ ਜਾ ਕੇ ਸ਼ਰਨ ਲੈ ਲਈ, ਪਰ ਹਮਲਾਵਰ ਗੁਰਦੁਆਰੇ ਵਿੱਚ ਵੀ ਦਾਖ਼ਲ ਹੋ ਗਏ।
ਘਟਨਾ ਸੀਸੀਟੀਵੀ 'ਚ ਕੈਦ:ਤੁਹਾਨੂੰ ਦੱਸ ਦਈਏ ਕਿ ਇਸ ਹਮਲੇ ਦੀ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਜਿੱਥੇ ਸਾਫ਼ ਦੇਖਿਆ ਜਾਂਦਾ ਹੈ ਕਿ ਕਿਵੇਂ ਹਮਲਾਵਰਾਂ ਵੱਲੋਂ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਦੋਂ ਨਿਰੰਜਨ ਸਿੰਘ ਆਪਣੀ ਜਾਨ ਬਚਾਉਣ ਲਈ ਗੁਰਦੁਆਰਾ ਸਾਹਿਬ ਦੇ ਕਮਰੇ 'ਚ ਜਾਕੇ ਦਰਵਾਜਾ ਲਗਾ ਲੈਂਦਾ ਹੈ ਤਾਂ ਹਮਲਾਵਰ ਦਰਵਾਜੇ ਨੂੰ ਵੀ ਲੱਤਾਂ ਮਾਰ ਕੇ ਤੋੜਣ ਦੀ ਕੋਸ਼ਿਸ਼ ਕਰ ਰਹੇ ਹਨ।
ਕੀ ਹੈ ਪੂਰਾ ਮਾਮਲਾ:ਪੀੜਤ ਨਿਰੰਜਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਇੱਕ ਪੁਰਾਣਾ ਝਗੜਾ ਹੋਇਆ ਸੀ, ਜਿਸ ਦਾ ਸਮਝੌਤਾ ਹੋ ਗਿਆ ਸੀ, ਪਰ 2 ਮਹੀਨੇ ਬਾਅਦ ਮੁੜ ਇਹਨਾਂ ਨੇ ਮੇਰਾ ਰਾਹ ਰੋਕਿਆਅਤੇ ਮੇਰੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਿਰੰਜਨ ਸਿੰਘ ਨੇ ਦੱਸਿਆ ਕਿ ਹਮਲਾ ਕਰਨ ਵਾਲੀ ਲੜਕੀ ਅਤੇ ਉਸ ਦੇ ਸਾਥੀਆਂ ਨੂੰ ਮੈਂ ਸਮਝਾਇਆ, ਪਰ ਬਾਅਦ 'ਚ ਲੜਕੀ ਨੇ ਫੋਨ ਕਰ ਆਪਣੇ ਸਾਥੀ ਬੁਲਾ ਲਏ ਅਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਦੇ ਨਾਲ ਪੁਲਿਸ ਮੁਲਾਜ਼ਮ ਵੀ ਮਿਲਿਆ ਹੋਇਆ ਹੈ। ਪੀੜਤ ਨੇ ਆਖਿਆ ਕਿ ਮੈਂ ਰੋਜ਼ ਦੁੱਧ ਪਾਉਣ ਆਉਣਾ ਹਾਂ ਤੇ ਅਜਿਹੇ 'ਚ ਮੈਨੂੰ ਹੁਣ ਆਪਣੀ ਜਾਨ ਦਾ ਡਰ ਹੈ।
5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ: ਪੁਲਿਸ ਨੂੰ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਮਿਲੀ ਹੈ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਹਮਲਾਵਰਾਂ ਦੀ ਗੱਡੀ ਵੀ ਜ਼ਬਤ ਕਰ ਲਈ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ 5 ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਦਕਿ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਉਨ੍ਹਾਂ ਆਖਿਆ ਕਿ ਜਿਸ ਪੁਲਿਸ ਮੁਲਾਜ਼ਮ ਦਾ ਨਾਮ ਇਸ ਘਟਨਾ 'ਚ ਸਾਹਮਣੇ ਆ ਰਿਹਾ ਹੈ, ਉਸ ਦਾ ਨਾਂ ਏਐੱਸਆਈ ਕੁਲਵਿੰਦਰ ਸਿੰਘ ਹੈ। ਪੁਲਿਸ ਵੱਲੋਂ ਹੁਣ ਏਐਸਆਈ ਕੁਲਵਿੰਦਰ ਸਿੰਘ ਅਤੇ ਉਸ ਦੇ ਸਾਥੀ ਰਾਜਦੀਪ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਏਐੱਸਆਈ ਅਤੇ ਰਾਜਦੀਪ ਖਿਲਾਫ਼ ਪਹਿਲਾਂ ਵੀ ਕੇਸ ਦਰਜ ਹੈ।
ਇਹ ਵੀ ਪੜ੍ਹੋ:Harbhajan Singh ETO Inspection: ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਸ਼ਾਨਨ ਪਾਵਰ ਹਾਊਸ ਦਾ ਨਿਰੀਖਣ