ਮੋਗਾ:ਅਧਿਆਪਕ ਦਿਵਸ 'ਤੇ ਅੱਜ ਮੋਗਾ 'ਚ ਸੂਬਾ ਪੱਧਰੀ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਹੈ। ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹੋਰ ਕੈਬਨਿਟ ਮੰਤਰੀ ਵੀ ਮੌਜੂਦ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦੀਪ ਜਗਾਉਣ ਦੇ ਨਾਲ-ਨਾਲ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਬਦ ਸ਼੍ਰਵਣ ਦੀ ਰਸਮ ਅਦਾ ਕੀਤੀ। (State level event on Teacher's Day)
ਅਧਿਆਪਕਾਂ ਦੇ ਮਾਣ-ਸਨਮਾਨ ਲਈ ਕੋਸ਼ਿਸ਼ਾਂ ਜਾਰੀ:ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅਧਿਆਪਕਾਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਅਧਿਆਪਕਾਂ ਦੇ ਮਾਣ-ਸਨਮਾਨ ਲਈ ਕੋਸ਼ਿਸ਼ਾਂ ਜਾਰੀ ਹਨ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਰੱਖ-ਰਖਾਵ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਧਿਆਪਕਾਂ ਦੀ ਤਨਖ਼ਾਹ ਵਿੱਚ ਇਜ਼ਾਫਾ ਕੀਤਾ ਹੈ।
ਪਹਿਲਾਂ ਕਾਲੇ ਦਿਨ ਵਜੋਂ ਮਨਾਉਂਦੇ ਸੀ ਅਧਿਆਪਕ:ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਟੀਚਰ ਅਧਿਆਪਕ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਉਂਦੇ ਸਨ। ਅਧਿਆਪਕਾਂ ਉਪਰ ਲਾਠੀਚਾਰਜ, ਬੁਛਾੜਾਂ ਤੇ ਤਸ਼ੱਦਦ ਕੀਤੇ ਜਾਂਦੇ ਸਨ। ਉਨ੍ਹਾਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਜਾਣਬੁੱਝ ਕੇ ਗਰੀਬਾਂ ਦੇ ਬੱਚਿਆਂ ਨੂੰ ਅਨਪੜ੍ਹ ਰੱਖਦੀਆਂ ਸਨ ਤਾਂ ਜੋ ਕੋਈ ਉਨ੍ਹਾਂ ਦੇ ਬਰਾਬਰ ਨਾ ਆ ਸਕੇ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜਾਪਾਨ ਵਿੱਚ ਮੇਲੇ ਲਈ ਭਾਰਤ ਵਿੱਚੋਂ 60 ਵਿਦਿਆਰਥੀ ਜਾਣਗੇ ਜਿਨ੍ਹਾਂ ਵਿਚੋਂ 6 ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਹੋਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ 80 ਦੇ ਕਰੀਬ ਅਧਿਆਪਕਾਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ।
ਹਰ ਹਫ਼ਤੇ 'ਟੀਚਰ ਆਫ਼ ਦਾ ਵੀਕ' ਕੱਢਿਆ ਜਾਵੇਗਾ:ਇਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰੋਗਰਾਮ ਵਿੱਚ ਹਾਜ਼ਰ ਸਮੂਹ ਅਧਿਆਪਕਾਂ ਅਤੇ ਹੋਰਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਵਿੱਚ ਜੇਕਰ ਕੋਈ ਸਭ ਤੋਂ ਪਵਿੱਤਰ ਕਿਰਦਾਰ ਹੈ ਤਾਂ ਉਹ ਅਧਿਆਪਕ ਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਜਗਤ ਵਿੱਚ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਹਰ ਹਫ਼ਤੇ ਟੀਚਰ ਆਫ਼ ਦਾ ਵੀਕ ਐਲਾਨਿਆ ਜਾਵੇਗਾ। ਉਨ੍ਹਾਂ ਦੇ ਯੋਗਦਾਨ ਅਤੇ ਸੰਘਰਸ਼ ਬਾਰੇ ਪ੍ਰੈਸ ਅਤੇ ਪੰਜਾਬ ਨੂੰ ਦੱਸਿਆ ਜਾਵੇਗਾ। ਸੰਗਰੂਰ ਦੇ ਇੱਕ ਸਕੂਲ ਦੇ ਇੱਕ ਅਧਿਆਪਕ ਜੋੜੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਕੂਲ ਨੂੰ ਦੇ ਦਿੱਤੀ ਹੈ। ਛੁੱਟੀਆਂ ਤੋਂ ਬਾਅਦ ਵੀ ਉਹ ਸਕੂਲ ਵਿੱਚ ਹੀ ਰਹਿੰਦੇ ਹਨ ਅਤੇ ਬੱਚਿਆਂ ਨੂੰ ਖਿਡਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਸਿੱਖਿਆ ਵਿਭਾਗ ਹੈ ਅਤੇ ਅਜਿਹੀਆਂ ਸੈਂਕੜੇ ਮਿਸਾਲਾਂ ਹਨ।
ਇਸ ਤੋਂ ਪਹਿਲਾਂ ਬੈਂਸ ਨੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਦਾ ਚਾਰਜ ਸੌਂਪਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਸਿੱਖਿਆ ਵਿਭਾਗ ਨੂੰ ਸਿਰਫ਼ ਧਰਨਿਆਂ ਅਤੇ ਲਾਠੀਚਾਰਜ ਵਾਲਾ ਮਹਿਕਮਾ ਸਮਝਿਆ ਜਾਂਦਾ ਸੀ, ਜੋ ਪੰਜਾਬ ਦੀ ਤਰਾਸਦੀ ਹੈ। ਜਿਸ ਵਿਭਾਗ ਦੇ ਹੱਥਾਂ ਵਿੱਚ ਹਰ ਬੱਚੇ ਦਾ ਭਵਿੱਖ ਹੈ, ਉਸ ਵਿਭਾਗ ਨੂੰ ਮਹਿਜ਼ ਰੋਸ ਪ੍ਰਗਟ ਕਰਨ ਵਾਲਾ ਵਿਭਾਗ ਸਮਝਿਆ ਜਾ ਰਿਹਾ ਸੀ।
ਸਿੱਖਿਆ ਮੰਤਰੀ ਕਰ ਚੁੱਕੇ 500 ਸਕੂਲਾਂ ਦਾ ਦੌਰਾ : ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ 14 ਮਹੀਨਿਆਂ ਦੇ ਕਾਰਜਕਾਲ ਦੌਰਾਨ 500 ਤੋਂ ਵੱਧ ਸਕੂਲਾਂ ਦਾ ਦੌਰਾ ਕੀਤਾ ਹੈ। ਉਨ੍ਹਾਂ ਦੇ ਪੱਖ ਤੋਂ ਦੇਖਿਆ ਗਿਆ ਵਿਭਾਗ ਕੋਈ ਧਰਨਿਆਂ ਵਾਲਾ ਵਿਭਾਗ ਨਹੀਂ ਹੈ। ਟੈਂਕੀ 'ਤੇ ਸਿਰਫ਼ ਕੁਝ ਲੋਕ ਹੀ ਸਵਾਰ ਸਨ। ਕਈ ਮੁਲਾਜ਼ਮਾਂ ਦੀਆਂ ਮੰਗਾਂ ਜਾਇਜ਼ ਸਨ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਗਰਾਂਟਾਂ ਨਾ ਦੇ ਕੇ ਸਰਕਾਰੀ ਸਕੂਲਾਂ ਦੀ ਹਾਲਤ ਖਰਾਬ ਕਰ ਦਿੱਤੀ ਹੈ ਪਰ ਅਧਿਆਪਕਾਂ ਨੇ ਆਪਣੀ ਮਿਹਨਤ ਦੀ ਕਮਾਈ ਅਤੇ ਲੋਕਾਂ ਦੇ ਸਹਿਯੋਗ ਨਾਲ ਸਕੂਲਾਂ ਦੀ ਸਾਂਭ-ਸੰਭਾਲ ਕੀਤੀ। ਉਨ੍ਹਾਂ ਨਾਭਾ ਦੇ ਇੱਕ ਹਾਈ ਸਕੂਲ ਥੂਈ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇੱਥੇ ਅਧਿਆਪਕ ਉਨ੍ਹਾਂ ਬੱਚਿਆਂ ਨੂੰ ਆਪਣੇ ਘਰਾਂ ਵਿੱਚ ਰੱਖ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਦੇ ਹਨ, ਜੋ ਗਰੀਬੀ ਕਾਰਨ ਸਿੱਖਿਆ ਹਾਸਲ ਕਰਨ ਤੋਂ ਅਸਮਰੱਥ ਹਨ।
ਸਰਕਾਰੀ ਸਕੂਲਾਂ ਨੇ ਕਈ ਪ੍ਰਾਈਵੇਟ ਸਕੂਲ ਕਰਵਾਏ ਬੰਦ:ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਅਜਨਾਲਾ ਦੇ ਇੱਕ ਸਕੂਲ ਦੀਆਂ ਕਈ ਬੱਸਾਂ ਦੇਖੀਆਂ ਹਨ। ਉਨ੍ਹਾਂ ਨੇ ਸੋਚਿਆ ਕਿ ਇਹ ਕੋਈ ਨਾਮਵਰ ਪ੍ਰਾਈਵੇਟ ਸਕੂਲ ਹੋਵੇਗਾ ਪਰ ਪਤਾ ਲੱਗਾ ਕਿ ਇਹ ਟਪਿਆਲਾ ਦਾ ਸਰਕਾਰੀ ਲੜਕੀਆਂ ਦਾ ਸਕੂਲ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਕੂਲ ਦੇ ਅਧਿਆਪਕ ਅਤੇ ਪ੍ਰਿੰਸੀਪਲ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਉਸ ਸਕੂਲ ਵਿੱਚ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਸਕੂਲ ਦੀ ਸਿੱਖਿਆ ਪ੍ਰਣਾਲੀ ਇੰਨੀ ਪ੍ਰਭਾਵਸ਼ਾਲੀ ਹੈ ਕਿ ਆਸ-ਪਾਸ ਦੇ ਕਈ ਪ੍ਰਾਈਵੇਟ ਸਕੂਲ ਬੰਦ ਹੋ ਚੁੱਕੇ ਹਨ। ਤਪਿਆਲੇ ਦੇ ਇਸ ਸਰਕਾਰੀ ਗਰਲਜ਼ ਸਕੂਲ ਵਿੱਚ ਅੰਮ੍ਰਿਤਸਰ ਦੇ ਬੱਚੇ ਪੜ੍ਹਨ ਆਉਂਦੇ ਹਨ।