ਮੋਗਾ: ਹਲਕਾ ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਦਾਅਵੇ ਨਾਲ ਕਿਹਾ ਹੈ ਕਿ ਪੰਜਾਬ ਸੂਬੇ ਦੇ ਲੋਕਾਂ, ਕਿਸਾਨਾਂ ਅਤੇ ਕਾਰੋਬਾਰੀਆਂ ਨੂੰ ਲੋੜ ਮੁਤਾਬਿਕ ਨਿਰਵਿਘਨ ਬਿਜਲੀ ਸਪਲਾਈ ਦੇ ਮਾਮਲੇ ਵਿਚ ਦੇਸ਼ ਦਾ ਪਹਿਲਾ ਸੂਬਾ ਬਣੇਗਾ। ਇਸ ਦੀ ਉਦਾਹਰਣ ਮੌਜੂਦਾ ਝੋਨੇ ਦੇ ਬਿਜਾਈ ਸੀਜ਼ਨ ਤੋਂ ਹੀ ਮਿਲ ਸਕਦੀ ਹੈ। ਉਹ ਸਥਾਨਕ ਆਈ ਐਸ ਐਫ ਕਾਲਜ ਆਫ ਫਾਰਮੇਸੀ ਵਿਖੇ ਪੀ ਐੱਸ ਪੀ ਸੀ ਐੱਲ ਅਤੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੀ ਸਾਂਝੇਦਾਰੀ ਨਾਲ " ਉੱਜਵਲ ਭਾਰਤ - ਉੱਜਵਲ ਭਵਿੱਖ " ਵਿਸ਼ੇ ਉੱਤੇ ਕਰਵਾਏ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੂਬੇ ਦੇ ਲੋਕਾਂ ਨੂੰ ਕੁਝ ਗਰੰਟੀਆਂ ਦਿੱਤੀਆਂ ਸਨ ਜੋ ਕਿ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਭ ਤੋਂ ਪਹਿਲੀ ਗਰੰਟੀ ਹਰੇਕ ਵਰਗ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਸੀ ਜੋ ਕਿ ਪਹਿਲੀ ਜੁਲਾਈ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਮਹੀਨਾ 300 ਅਤੇ ਦੋ ਮਹੀਨੇ ਲਈ 600 ਯੂਨਿਟ ਤੱਕ ਦੀ ਖਪਤ ਤੱਕ ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਦਾ ਇਹ ਸੂਬੇ ਦੇ ਲੋਕਾਂ ਨੂੰ ਬਹੁਤ ਵੱਡਾ ਤੋਹਫ਼ਾ ਹੈ। ਓਸੇ ਤਰ੍ਹਾਂ ਹੀ ਹੋਰ ਗਰੰਟੀਆਂ ਵੀ ਜਲਦੀ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੂੰ ਕੁਝ ਸਮਾਂ ਹੋਰ ਦੇਣ। ਇੱਕ ਇੱਕ ਕਰਕੇ ਹਰੇਕ ਗਰੰਟੀ ਪੂਰੀ ਕਰ ਦਿੱਤੀ ਜਾਵੇਗੀ।