ਮੋਗਾ: ਪੰਜਾਬ ਪੁਲਿਸ ਅਤੇ ਇੰਟੇਲੀਜੈਂਸ ਦੇ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਅੱਜ ਐਤਵਾਰ ਨੂੰ ਮੋਗਾ ਦੇ ਪਿੰਡ ਰੋਡੇ ਤੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਅੰਮ੍ਰਿਤਪਾਲ 18 ਮਾਰਚ, 2023 ਤੋਂ ਫ਼ਰਾਰ ਚੱਲ ਰਿਹਾ ਸੀ। ਉਸ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਅਤੇ ਇੰਟੇਲੀਜੈਂਸ ਟੀਮਾਂ ਲੱਗੀਆਂ ਹੋਈਆਂ ਸੀ। ਆਖਿਰ ਅੰਮ੍ਰਿਤਪਾਲ ਨੂੰ ਕਾਬੂ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਮੁਤਾਬਕ ਪੁਲਿਸ ਨੇ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਹੈ। ਉੱਥੇ ਹੀ,ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਬਠਿੰਡਾ ਦੇ ਏਅਰ ਫੋਰਸ ਸਟੇਸ਼ਨ ਉੱਤੇ ਪਹੁੰਚੇ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਨਾ ਅੰਮ੍ਰਿਤਪਾਲ ਨੂੰ ਬਠਿੰਡਾ ਦੇ ਏਅਰ ਫ਼ੋਰਸ ਸਟੇਸ਼ਨ ਤੋਂ ਏਅਰ ਲਿਫਟ ਕੀਤੇ ਜਾਣ ਦੀ ਖ਼ਬਰ ਹੈ।
ਆਈਪੀਐਸ ਸੁਖਚੈਨ ਸਿੰਘ ਗਿੱਲ ਦੀ ਪ੍ਰੈਸ ਕਾਨਫਰੰਸ:ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਆਈਪੀਐਸ ਸੁਖਚੈਨ ਸਿੰਘ ਗਿੱਲ ਅੱਜ ਐਤਵਾਰ (23 ਅਪ੍ਰੈਲ, 2023) ਨੂੰ ਪੰਜਾਬ ਪੁਲਿਸ ਹੈੱਡਕੁਆਰਟਰ, ਸੈਕਟਰ 9, ਚੰਡੀਗੜ੍ਹ ਵਿਖੇ ਕਾਨਫਰੰਸ ਹਾਲ ਵਿੱਚ ਸਵੇਰੇ 10 ਵਜੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਸਾਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਪੁਲਿਸ ਘੇਰਾ ਪਾ ਕੇ ਗ੍ਰਿਫਤਾਰ ਕੀਤਾ ਹੈ। ਸਵੇਰੇ 6:45 ਉੱਤੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋਈ।
ਪੰਜਾਬ ਪੁਲਿਸ ਦੀ ਅਪੀਲ:ਪੰਜਾਬ ਪੁਲਿਸ ਨੇ ਟਵੀਟ ਕਰਦਿਆ ਜਾਣਕਾਰੀ ਸਾਂਝੀ ਕੀਤੀ ਹੈ ਕਿ ਅੰਮ੍ਰਿਪਾਲ ਨੂੰ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਇਸ ਸਬੰਧੀ ਹੋਰ ਜਾਣਕਾਰੀ ਉਹ ਜਲਦ ਸਾਂਝੀ ਕਰਨਗੇ। ਉਨ੍ਹਾਂ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਝੂਠੀ ਅਫਵਾਹ ਜਾਂ ਖ਼ਬਰਾਂ ਤੋਂ ਬੱਚਣ ਲਈ ਕਿਹਾ ਹੈ।
ਗ੍ਰਿਫਤਾਰੀ ਤੋਂ ਪਹਿਲਾਂ ਅੰਮ੍ਰਿਤਪਾਲ ਨੇ ਕਿਹਾ- ਗ੍ਰਿਫਤਾਰੀ ਅੰਤ ਨਹੀਂ ਸ਼ੁਰੂਆਤ ਹੈ:ਗ੍ਰਿਫਤਾਰੀ ਤੋਂ ਪਹਿਲਾਂ ਅੰਮ੍ਰਿਤਪਾਲ ਨੇ ਕਿਹਾ, "ਇਹ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਅਸਥਾਨ ਹੈ। ਉਸ ਥਾਂ 'ਤੇ ਅਸੀਂ ਆਪਣਾ ਕੰਮ ਵਧਾ ਰਹੇ ਹਾਂ ਅਤੇ ਇਕ ਮੋੜ 'ਤੇ ਖੜ੍ਹੇ ਹਾਂ। ਇਕ ਮਹੀਨੇ ਤੋਂ ਜੋ ਕੁਝ ਹੋ ਰਿਹਾ ਹੈ, ਉਹ ਸਭ ਨੇ ਦੇਖਿਆ ਹੈ। ਜੇਕਰ ਇਹ ਸਿਰਫ ਗ੍ਰਿਫਤਾਰੀ ਦੀ ਗੱਲ ਹੁੰਦੀ ਤਾਂ, ਗ੍ਰਿਫਤਾਰੀ ਦੇ ਕਈ ਤਰੀਕੇ ਸਨ। ਅਸੀਂ ਸਾਥ ਦਿੰਦੇ ਹਾਂ। ਦੁਨੀਆ ਦੀ ਕਚਹਿਰੀ ਵਿੱਚ ਗੁਨਾਹਗਾਰ ਹੋ ਸਕਦੇ ਹਾਂ। ਸੱਚੇ ਗੁਰੂ ਦੀ ਕਚਹਿਰੀ ਵਿੱਚ ਨਹੀਂ। ਇੱਕ ਮਹੀਨੇ ਬਾਅਦ ਫੈਸਲਾ ਕੀਤਾ, ਇਸ ਧਰਤੀ ਉੱਤੇ ਲੜੇ ਹਾਂ ਅਤੇ ਲੜਾਂਗੇ। ਜਿਹੜੇ ਝੂਠੇ ਕੇਸ ਉਸ 'ਤੇ ਕੇਸ ਹਨ, ਅਸੀਂ ਉਨ੍ਹਾਂ ਦਾ ਸਾਹਮਣਾ ਕਰਾਂਗੇ, ਗ੍ਰਿਫਤਾਰੀ ਅੰਤ ਨਹੀਂ ਬਲਕਿ ਸ਼ੁਰੂਆਤ ਹੈ।"
ਅੰਮ੍ਰਿਤਪਾਲ ਸਮਰਥਕਾਂ ਦੀ ਭੀੜ ਨਾਲ ਆਤਮ ਸਮਰਪਣ ਕਰਨਾ ਚਾਹੁੰਦਾ ਸੀ:ਅੰਮ੍ਰਿਤਪਾਲ ਸਮਰਥਕਾਂ ਦੀ ਭੀੜ ਨਾਲ ਆਤਮ ਸਮਰਪਣ ਕਰਨਾ ਚਾਹੁੰਦਾ ਸੀ। ਇਸ ਲਈ ਉਹ ਸ਼ਨੀਵਾਰ ਰਾਤ ਮੋਗਾ ਦੇ ਪਿੰਡ ਰੋਡੇ ਪਹੁੰਚਿਆ। ਇੱਥੇ ਉਸ ਦੇ ਕਰੀਬੀ ਦੋਸਤਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਇਸ ਲਈ ਐਤਵਾਰ ਯਾਨੀ ਅੱਜ ਦਾ ਦਿਨ ਚੁਣਿਆ ਗਿਆ ਸੀ। ਅੰਮ੍ਰਿਤਪਾਲ ਆਤਮ ਸਮਰਪਣ ਦੇ ਸਮੇਂ ਆਪਣੀ ਤਾਕਤ ਦਿਖਾਉਣਾ ਚਾਹੁੰਦਾ ਸੀ। ਪੰਜਾਬ ਪੁਲਿਸ ਨੂੰ ਖਦਸ਼ਾ ਸੀ ਕਿ ਭੀੜ ਇਕੱਠੀ ਹੋਣ ਕਾਰਨ ਕਿਸੇ ਤਰ੍ਹਾਂ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ ਜਿਸ ਕਾਰਨ ਅੰਮ੍ਰਿਤਸਰ ਦੇ ਐਸਐਸਪੀ ਸਤਿੰਦਰ ਸਿੰਘ ਅਤੇ ਪੰਜਾਬ ਪੁਲਿਸ ਇੰਟੈਲੀਜੈਂਸ ਦੇ ਆਈਜੀ ਐਤਵਾਰ ਸਵੇਰੇ ਹੀ ਪਿੰਡ ਰੋਡੇ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਗਏ। ਸਾਦੀ ਵਰਦੀ ਵਿੱਚ ਪੁੱਜੀ ਪੁਲਿਸ ਨੇ ਅੰਮ੍ਰਿਤਪਾਲ ਨੂੰ ਸਵੇਰੇ ਹੀ ਗ੍ਰਿਫ਼ਤਾਰ ਕਰ ਲਿਆ।
ਅੰਮ੍ਰਿਤਪਾਲ ਦਾ ਕਰੀਬੀ ਦੋਸਤ ਪਪਲਪ੍ਰੀਤ ਪਹਿਲਾਂ ਹੋ ਚੁੱਕਾ ਗ੍ਰਿਫਤਾਰ:ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੇ ਕਰੀਬੀ ਪਪਲਪ੍ਰੀਤ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ। ਉਸ ਨੇ ਪੰਜਾਬ ਪੁਲਿਸ ਨੂੰ ਬਿਆਨ ਦਿੱਤਾ ਸੀ ਕਿ ਉਸ ਨੂੰ ਅੰਮ੍ਰਿਤਪਾਲ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਪਲਪ੍ਰੀਤ ਨੇ ਕਿਹਾ ਸੀ ਕਿ, 'ਮੈਨੂੰ ਨਹੀਂ ਪਤਾ ਕਿ ਅੰਮ੍ਰਿਤਪਾਲ ਆਤਮ ਸਮਰਪਣ ਕਰੇਗਾ ਜਾਂ ਨਹੀਂ।' ਪਪਲਪ੍ਰੀਤ ਨੇ ਸਪੱਸ਼ਟ ਕੀਤਾ ਕਿ ਅਸੀਂ 28 ਮਾਰਚ ਦੀ ਰਾਤ ਨੂੰ ਹੀ ਵੱਖ ਹੋ ਗਏ ਸੀ। ਪਪਲਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਸੰਭਾਵਨਾ ਵੱਧ ਗਈ ਸੀ ਕਿ ਅੰਮ੍ਰਿਤਪਾਲ ਵੀ ਜ਼ਿਆਦਾ ਦੇਰ ਨਹੀਂ ਰੁਕੇਗਾ ਅਤੇ ਆਤਮ ਸਮਰਪਣ ਕਰ ਦੇਵੇਗਾ। ਦੱਸ ਦਈਏ ਕਿ ਪਪਲਪ੍ਰੀਤ ਨੇ ਅੰਮ੍ਰਿਤਪਾਲ ਨੂੰ ਭਜਾਉਣ ਵਾਲੀ ਕਾਫੀ ਮਦਦ ਕੀਤੀ ਸੀ।