ਮੋਗਾ: ਮੋਗਾ ਜ਼ਿਲ੍ਹੇ ਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਮਦਾਰਪੁਰ ਦੇ ਮੌਜੂਦਾ ਸਰਪੰਚ ਦਲਜੀਤ ਸਿੰਘ ਨੇ ਦੱਸਿਆ ਕਿ ਨੈਬ ਸਿੰਘ ਪਟਵਾਰੀ ਪਹਿਲਾਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਆਉਂਦੀ ਮੁਆਵਜ਼ੇ ਦੀ ਰਕਮ ਦੇ ਬਦਲੇ ਪ੍ਰਭਾਵਿਤ ਲੋਕਾਂ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ ਅਤੇ ਰਿਸ਼ਵਤ ਲਏ ਬਿਨਾਂ ਕੋਈ ਵੀ ਕੰਮ ਨਹੀਂ ਕਰਦਾ।
ਸਰਪੰਚ ਸਣੇ ਪਿੰਡ ਵਾਸੀਆਂ ਨੇ ਪਟਵਾਰੀ ਉੱਤੇ ਦੋਸ਼ ਲਗਾਏ ਕਿ ਲੋਕਾਂ ਵੱਲੋਂ ਭੇਜੀ ਜਾਂਦੀ ਸਹਾਇਤਾ ਜੋ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਾਸਤੇ ਹੈ, ਉਨ੍ਹਾਂ ਨੂੰ ਵੀ ਪਟਵਾਰੀ ਨੇ ਆਪਣੇ ਕੋਲ ਜਮਾਂ ਕਰ ਰੱਖਿਆ ਹੈ ਅਤੇ ਆਪਣੀ ਗੱਡੀ ਵਿੱਚ ਸਾਮਾਨ ਆਪਣੇ ਘਰ ਲੈ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਟਵਾਰੀ ਵੱਲੋਂ ਉਨ੍ਹਾਂ ਨੂੰ ਸ਼ਰੇਆਮ ਧਮਕੀ ਦਿੱਤੀ ਜਾਂਦੀ ਹੈ ਕਿ ਜੋ ਵੀ ਉਨ੍ਹਾਂ ਦੇ ਵਿਰੁੱਧ ਬੋਲੇਗਾ, ਉਸ ਦਾ ਨਾਂਅ ਮੁਆਵਜ਼ੇ ਵਾਲੀ ਸੂਚੀ ਵਿੱਚ ਨਹੀਂ ਪਾਇਆ ਜਾਵੇਗਾ।