ਮੋਗਾ: ਨਗਰ ਨਿਗਮ ਮੋਗਾ ਦੀਆਂ ਹੋਣ ਵਾਲੀਆਂ ਆਮ ਚੋਣਾਂ ਸਬੰਧੀ ਸ਼ਨੀਵਾਰ ਬਾਅਦ ਦੁਪਹਿਰ ਨਵੀਂ ਬਣੀ ਵਾਰਡਬੰਦੀ ਨੂੰ ਲੈ ਕੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਮੇਤ ਵਿਰੋਧੀ ਪਾਰਟੀਆਂ ਦੇ ਆਗੂ ਤੇ ਵਰਕਰ ਭੜਕ ਪਏ ਹਨ। ਅਕਾਲੀ ਦਲ ਨੇ ਜਿਥੇ ਇਸ ਨੂੰ ਘੇਰਾਬੰਦੀ ਦੱਸਿਆ ਹੈ, ਉਥੇ ਆਮ ਆਦਮੀ ਪਾਰਟੀ ਨੇ ਇਸ ਵਾਰਡਬੰਦੀ 'ਤੇ ਸਵਾਲ ਚੁੱਕੇ ਹਨ। ਦੋਵਾਂ ਪਾਰਟੀਆਂ ਨੇ ਵਾਰਡਬੰਦੀ ਨੂੰ ਲੈ ਕੇ ਕਮਿਸ਼ਨਰ ਨਗਰ ਨਿਗਮ 'ਤੇ ਕਾਂਗਰਸੀ ਆਗੂਆਂ ਦੇ ਹੱਥਾਂ ਵਿੱਚ ਖੇਡਣ ਦੇ ਦੋਸ਼ ਵੀ ਲਾਏ। ਪਾਰਟੀ ਆਗੂਆਂ ਨੇ ਇਨਸਾਫ਼ ਨਾ ਮਿਲਣ 'ਤੇ ਸੁਪਰੀਮ ਕੋਰਟ ਵਿੱਚ ਮਾਮਲਾ ਲਿਜਾਉਣ ਬਾਰੇ ਵੀ ਕਿਹਾ ਹੈ।
ਅਕਾਲੀ ਦਲ ਦੇ ਹਲਕਾ ਇੰਚਾਰਜ਼ ਬਲਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਵਾਰਡਬੰਦੀ ਪੂਰੀ ਤਰ੍ਹਾਂ ਨਾਲ ਗਲਤ ਹੈ ਅਤੇ ਹਾਲੇ ਤੱਕ ਇੱਕ ਚੋਣ ਹੀ ਨਗਰ ਕੌਂਸਲ ਤੋਂ ਨਗਰ ਨਿਗਮ ਬਨਣ ਮਗਰੋਂ ਵਾਰਡਬੰਦੀ ਅਨੁਸਾਰ ਹੋਣੀ ਸੀ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਅਤੇ ਕਮਿਸ਼ਨਰ ਬੀਬੀ ਕਾਂਗਰਸ ਨੂੰ ਜਿਤਾਉਣ ਲਈ ਅਜਿਹਾ ਕਰ ਰਹੇ ਹਨ।
ਮੋਗਾ ਨਿਗਮ ਵੱਲੋਂ ਜਾਰੀ ਨਵੀਂ ਵਾਰਡਬੰਦੀ ਦਾ ਅਕਾਲੀ ਦਲ ਤੇ 'ਆਪ' ਵੱਲੋਂ ਵਿਰੋਧ ਅਕਾਲੀ ਆਗੂ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਨਿਯਮਾਂ ਅਨੁਸਾਰ ਨਵੀਂ ਆਬਾਦੀ ਜੁੜਨ ਮਗਰੋਂ ਤਾਂ ਨਵੀਂ ਵਾਰਡਬੰਦੀ ਹੋ ਸਕਦੀ ਹੈ ਪ੍ਰੰਤੂ ਮੋਗਾ 'ਚ ਅਜਿਹਾ ਕੁੱਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਿਹਾ ਕਿ ਨਿਗਮ ਕਮਿਸ਼ਨਰ ਕਾਂਗਰਸੀ ਵਿਧਾਇਕ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੀ ਹੈ।
ਉਧਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਵਦੀਪ ਸਿੰਘ ਸੰਘਾ ਨੇ ਕਿਹਾ ਕਿ ਕਿ ਨਕਸ਼ਾ ਕੋਈ ਵੀ ਹੋਵੇ ਉਹ ਚੋਣਾਂ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਹੁਕਮਰਾਨ ਧਿਰ ਦਾ 'ਹੱਥ ਠੋਕਾ' ਬਣ ਕੇ ਕੰਮ ਕਰ ਰਿਹਾ ਹੈ, ਜੋ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ।
ਆਪ ਆਗੂ ਨੇ ਕਿਹਾ ਕਿ ਇਹ ਸਭ ਕੁੱਝ ਕਾਂਗਰਸ ਆਪਣੀ ਹਾਰ ਨੂੰ ਦੇਖਦਿਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਕਸ਼ਾ 9 ਅਕਤੂਬਰ ਨੂੰ ਲਗਾਇਆ ਜਾਣਾ ਸੀ, ਜਿਸ ਦੇ ਅੱਜ ਤੱਕ ਇਤਰਾਜ਼ ਮੰਗੇ ਜਾਣੇ ਸਨ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਅੱਜ 16 ਅਕਤੂਬਰ ਨੂੰ ਇਤਰਾਜ਼ ਸਬੰਧੀ ਮਹਿਜ਼ ਦੋ ਘੰਟੇ ਦਾ ਸਮਾਂ ਬਾਕੀ ਬਚਣ 'ਤੇ ਨਕਸ਼ਾ ਲਗਵਾਇਆ ਹੈ।