ਮੋਗਾ: ਜ਼ਿਲ੍ਹੇ ਦੇ ਪਿੰਡ ਰਾਉਕੇ ਵਿੱਚ ਕਣਕ ਦੀ ਵਾਢੀ ਕਰਨ ਤੋਂ ਤੁਰੰਤ ਬਾਅਦ ਪਿੰਡ ਦੇ ਤਿੰਨ ਕਿਸਾਨਾਂ ਵੱਲੋਂ ਆਪਣੀਆਂ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਚਲਾ ਲਈਆਂ ਗਈਆਂ । ਖੇਤੀਬਾੜੀ ਟੀਮ ਦੇ ਅਧਿਕਾਰੀਆਂ ਵੱਲੋਂ ਮੌਕੇ ਉੱਪਰ ਪਹੁੰਚ ਕੇ ਇਨ੍ਹਾਂ ਮਸ਼ੀਨਾਂ ਨੂੰ ਬੰਦ ਕਰਵਾਇਆ ਗਿਆ ਅਤੇ ਸਾਰੇ ਕਿਸਾਨਾਂ ਨੂੰ ਵਾਢੀ ਤੋਂ ਤੁਰੰਤ ਬਾਅਦ ਵਿੱਚ ਤੂੜੀ ਬਣਾਉਣ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ। ਖੇਤੀਬਾੜੀ ਅਧਿਕਾਰੀਆਂ ਵੱਲੋਂ ਇਹ ਮਸ਼ੀਨਾਂ ਤੁਰੰਤ ਪ੍ਰਭਾਵ ਨਾਲ ਬੰਦ ਕਰਵਾ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਤੂੜੀ ਵਾਲੀਆਂ ਮਸ਼ੀਨਾਂ ਨੂੰ ਕਣਕ ਦੀ ਵਾਢੀ ਮਕੁੰਮਲ ਹੋਣ ਉਪਰੰਤ ਹੀ ਤੂੜੀ ਬਣਾਉਣ ਲਈ ਵਰਤਿਆ ਜਾਵੇ, ਤਾਂ ਜੋ ਕਿਸੇ ਖੇਤ ਵਿੱਚ ਕਣਕ ਨੂੰ ਅੱਗ ਲੱਗਣ ਦੀ ਘਟਨਾ ਤੋ ਬਚਾਇਆ ਜਾ ਸਕੇ।
ਪੂਰੀ ਤਰ੍ਹਾਂ ਪੱਕਣ ਦਿੱਤੀ ਜਾਵੇ ਕਣਕ:ਕਿਸਾਨਾਂ ਨੂੰ ਸਮਝਾਉਂਦਿਆਂ ਖੇਤੀਬਾੜੀ ਅਧਿਕਾਰੀ ਡਾਕਟਰ ਮਨਜੀਤ ਸਿੰਘ ਨੇ ਅਪੀਲ ਕੀਤੀ ਕਿ ਕਣਕ ਦੀ ਫ਼ਸਲ ਦੀ ਕਟਾਈ ਪੂਰਨ ਤੌਰ ਉੱਤੇ ਪੱਕਣ ਉਪਰੰਤ ਹੀ ਕੀਤੀ ਜਾਵੇ ਤਾਂ ਜੋ ਨਮੀ ਦੀ ਮਾਤਰਾ 12 ਪ੍ਰਤੀਸ਼ਤ ਤੋਂ ਜ਼ਿਆਦਾ ਨਾ ਹੋਵੇ ਅਤੇ ਮੰਡੀ ਵਿੱਚ ਕਣਕ ਵੇਚਣ ਸਮੇਂ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨਾਂ ਨੂੰ ਕਣਕ ਦੀ ਕਟਾਈ ਦੌਰਾਨ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਬਿਜਲੀ ਦੇ ਟਰਾਂਸਫਾਰਮਰ ਦੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਅਤੇ ਖੇਤਾਂ ਵਿੱਚ ਪਾਣੀ ਦਾ ਪ੍ਰਬੰਧ ਕਰਨ ਦੀ ਵੀ ਅਪੀਲ ਕੀਤੀ।