ਮੋਗਾ: ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਕਈ ਸਮਾਜਿਕ ਸੰਸਥਾਵਾਂ ਅਤੇ ਲੋਕ ਹੜ੍ਹ ਪੀੜਤਾਂ ਲਈ ਖੜ੍ਹੇ ਹੋਏ ਹਨ। ਦੂਰੋਂ-ਦੂਰੋਂ ਲੋਕ ਹੜ੍ਹ ਪੀੜਤਾਂ ਨੂੰ ਜ਼ਰੂਰੀ ਵਸਤਾਂ ਦੇਣ ਲਈ ਪਹੁੰਚ ਰਹੇ ਹਨ ਅਤੇ ਮਦਦ ਕਰ ਰਹੇ ਹਨ। ਦੂਜੇ ਪਾਸੇ ਜੇਕਰ ਮੋਗਾ ਤੋਂ ਅਗਰਵਾਲ ਵੂਮੈਨ ਸੈੱਲ ਦੀਆਂ ਔਰਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵੱਲੋਂ ਮੋਗਾ ਜ਼ਿਲ੍ਹੇ ਦੇ ਧਰਮਕੋਟ ਵਿਖੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਉੱਤੇ ਬੈਠੇ ਹੜ੍ਹ ਪੀੜਤਾਂ ਨੂੰ ਮੱਛਰਾਂ ਦੇ ਕੱਟਣ ਤੋਂ ਬਚਣ ਲਈ ਕਰੀਮਾਂ ਤੋਂ ਇਲਾਵਾ ਪਾਣੀ, ਲੱਸੀ, ਬਿਸਕੁਟ ਅਤੇ ਬਰੈੱਡ ਆਦਿ ਵੰਡੇ ਗਏ ਨੇ।
ਸਭ ਦੇ ਸਾਥ ਦੀ ਲੋੜ: ਅਗਰਵਾਲ ਵੂਮੈਨ ਸੈੱਲ ਦੀਆਂ ਔਰਤਾਂ ਨੇ ਧੁੱਸੀ ਬੰਨ੍ਹ 'ਤੇ ਪਾਣੀ ਨਾਲ ਘਿਰੇ ਪਿੰਡਾਂ ਦੇ ਲੋਕਾਂ ਨੂੰ ਸਾਮਾਨ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦੀ ਵੀ ਮਦਦ ਕੀਤੀ ਜੋ ਘਰਾਂ 'ਚੋਂ ਨਿਕਲ ਕੇ ਧੁੱਸੀ ਬੰਨ੍ਹ 'ਤੇ ਬੈਠ ਗਏ ਨੇ । ਮਦਦ ਲਈ ਪਹੁੰਚੀਆਂ ਔਰਤਾਂ ਵੱਲੋਂ ਬੱਚਿਆਂ ਨੂੰ ਵੀ ਲੋੜੀਂਦਾ ਸਮਾਨ ਦਿੱਤਾ ਗਿਆ। ਦੂਜੇ ਪਾਸੇ ਇਸ ਮੌਕੇ ਔਰਤਾਂ ਦਾ ਕਹਿਣਾ ਹੈ ਕਿ ਜਿੱਥੇ ਇਸ ਤਪਦੀ ਗਰਮੀ ਵਿੱਚੋ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ, ਉੱਥੇ ਹੀ ਅੱਜ ਇਸ ਮੌਸਮ 'ਚ ਇਹ ਲੋਕ ਕੁਦਰਤ ਦੀ ਮਾਰ ਹੇਠ ਆ ਗਏ ਹਨ ਅਤੇ ਇਸ ਪਾਣੀ ਕਿਨੇਰੇ ਬੈਠ ਕੇ ਰਾਤਾਂ ਕੱਟਣ ਲਈ ਮਜਬੂਰ ਨੇ। ਜਿਨ੍ਹਾਂ ਨੂੰ ਅੱਜ ਸਭ ਦੇ ਸਾਥ ਦੀ ਬਹੁਤ ਲੋੜ ਹੈ।
ਅਗਰਵਾਲ ਵੂਮੈਨ ਸੈੱਲ ਦੀਆਂ ਔਰਤਾਂ ਨੇ ਹੜ੍ਹ ਪੀੜਤਾਂ ਦੀ ਕੀਤੀ ਮਦਦ, ਮੁਹੱਈਆ ਕਰਵਾਇਆ ਵਰਤੋਂ ਦਾ ਸਮਾਨ - ਮੋਗਾ ਦੀ ਖ਼ਬਰ ਪੰਜਾਬੀ ਵਿੱਚ
ਮੋਗਾ ਵਿੱਚ ਹੜ੍ਹ ਪੀੜਤ ਕਈ ਲੋਕ ਬੰਨ੍ਹਾਂ ਉੱਤੇ ਬੈਠ ਕੇ ਗੁਜ਼ਾਰਾ ਕਰ ਰਹੇ ਨੇ। ਇਨ੍ਹਾਂ ਲੋਕਾਂ ਦੀ ਮਦਦ ਲਈ ਅਗਰਵਾਲ ਵੂਮੈਨ ਸੈੱਲ ਦੀਆਂ ਔਰਤਾਂ ਅੱਗੇ ਆਈਆਂ ਅਤੇ ਉਨ੍ਹਾਂ ਨੇ ਖਾਣ-ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਲੋਕਾਂ ਨੂੰ ਦਵਾਈਆਂ ਵੀ ਵੰਡੀਆਂ।
ਮੱਛਰਾਂ ਤੋਂ ਪਰੇਸ਼ਾਨ ਨੇ ਲੋਕ:ਅਗਰਵਾਲ ਵੂਮੈਨ ਸੈੱਲ ਦੀਆਂ ਔਰਤਾਂ ਨੇ ਕਿਹਾ ਕਿ ਲੋਕ ਪਾਣੀ ਕਿਨਾਰੇ ਰਹਿਣ ਬਸੇਰੇ ਬਣਾ ਕੇ ਰਹਿ ਰਹੇ ਨੇ ਅਤੇ ਅਜਿਹੇ ਵਿੱਚ ਪਾਣੀ ਦੇ ਜਮਾਵੜੇ ਕਾਰਣ ਮੱਛਰ ਵੀ ਪੈਦਾ ਹੋ ਰਿਹਾ ਜਿਸ ਤੋਂ ਲੋਕ ਪਰੇਸ਼ਾਨ ਨੇ। ਮਹਿਲਾਵਾਂ ਵੱਲੋਂ ਲੋਕਾਂ ਨੂੰ ਮੱਛਰ ਤੋਂ ਬਚਾਉਣ ਵਾਲੀਆਂ ਕਰੀਮਾਂ ਵੀ ਵੰਡੀਆਂ ਗਈਆਂ ਨੇ ਅਤੇ ਲੋਕਾਂ ਨੇ ਵੀ ਇਹ ਕਰੀਮਾਂ ਲੈਕੇ ਮਹਿਲਾਵਾਂ ਦਾ ਧੰਨਵਾਦ ਕੀਤਾ। ਮਹਿਲਾਵਾਂ ਨੇ ਕਿਹਾ ਕਿ ਉਹ ਲੋੜਵੰਦ ਲਈ ਬਰੈੱਡ,ਬਿਸਕੁੱਟ, ਸ਼ਿਕੰਜੀ ਅਤੇ ਹੋਰ ਰੋਜ਼ਾਨਾਂ ਦੀ ਵਰਤੋਂ ਦੀਆਂ ਚੀਜ਼ਾਂ ਲੈਕੇ ਪਹੁੰਚੇ ਨੇ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਨਿਜੀ ਮਸਲੇ ਭੁੱਲ ਕੇ ਸਭ ਨੂੰ ਇੱਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਬਿਪਤਾ ਵਿੱਚ ਪਏ ਲੋਕਾਂ ਦਾ ਸਾਥ ਦਿੱਤਾ ਜਾ ਸਕੇ।