ਮੋਗਾ: ਵਿਧਾਇਕ ਡਾਕਟਰ ਹਰਜੋਤ ਕਮਲ ਦੀ ਪਹਿਲਕਦਮੀ ਉੱਤੇ ਸ਼ਹਿਰ ਦੀ ਪ੍ਰਸਿੱਧ ਸੜਕ ਦਾ ਨਾਂਅ ਬਾਲੀਵੁੱਡ ਦੇ ਅਦਾਕਾਰ ਸੋਨੂੰ ਸੂਦ ਦੀ ਮਾਤਾ ਦੇ ਨਾਂਅ 'ਤੇ ਰੱਖਿਆ ਗਿਆ ਹੈ। ਇਸ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਸਭ ਤੋਂ ਵੱਡਾ ਸਨਮਾਨ ਕਰਾਰ ਦਿੰਦਿਆਂ ਸੋਨੂੰ ਸੂਦ ਨੇ ਵਿਧਾਇਕ ਡਾਕਟਰ ਹਰਜੋਤ ਕਮਲ ਦਾ ਧੰਨਵਾਦ ਕੀਤਾ ਹੈ। ਇਸ ਸਬੰਧੀ ਸੋਨੂੰ ਸੂਦ ਨੇ ਇਕ ਵੀਡੀਓ ਸ਼ੇਅਰ ਕਰਕੇ ਆਪਣੀ ਦਿਲੋਂ ਖੁਸ਼ੀ ਪ੍ਰਗਟ ਕੀਤੀ।
ਇਸ ਮੌਕੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਕਿਹਾ ਕਿ ਮੋਗੇ ਦਾ ਜੰਮਪਲ ਸੋਨੂੰ ਸੂਦ ਰੀਲ ਲਾਈਫ਼ ਹੀ ਨਹੀਂ ਸਗੋਂ ਰੀਅਲ ਲਾਈਫ਼ ਦਾ ਵੀ ਹੀਰੋ ਹੈ। ਇਹ ਗੱਲ ਉਹ ਕੋਰੋਨਾ ਟਾਈਮ ‘ਚ ਲੋੜਵੰਦ ਲੋਕਾਂ ਦੀ ਮਦਦ ਕਰਕੇ ਸਾਬਿਤ ਕਰ ਚੁੱਕਾ ਹੈ।
ਅਦਾਕਾਰ ਸੋਨੂੰ ਸੂਦ ਨੇ ਵੀਡੀਉ ਬਣਾ ਕੇ ਵਿਧਾਇਕ ਹਰਜੋਤ ਕਮਲ ਦਾ ਕੀਤਾ ਧੰਨਵਾਦ ਉਨ੍ਹਾਂ ਕਿਹਾ ਕਿ ਕਿਉਂਕਿ ਬੱਚਿਆਂ ਨੂੰ ਚੰਗੇ ਸੰਸਕਾਰ ਆਪਣੇ ਮਾਂ-ਬਾਪ ਤੋਂ ਹੀ ਮਿਲਦੇ ਹਨ। ਸੋਨੂੰ ਸੂਦ ਦੀ ਮਾਤਾ ਨੇ ਸੋਨੂੰ ਨੂੰ ਹੀ ਨਹੀਂ ਏਥੇ ਪ੍ਰੋਫੈਸਰ ਹੁੰਦਿਆਂ ਮੋਗਾ ਦੇ ਹਜ਼ਾਰਾਂ ਬੱਚਿਆਂ ਨੂੰ ਸੰਸਕਾਰੀ ਬਣਾਇਆ ਹੈ। ਇਸੇ ਕਰਕੇ ਮੋਗਾ ਦੀ ਇੱਕ ਸੜਕ ਦਾ ਨਾਂਅ ਸੋਨੂੰ ਸੂਦ ਦੀ ਮਾਤਾ ਪ੍ਰੋਫੈਸਰ ਸਰੋਜ ਸੂਦ ਦੇ ਨਾਂਅ 'ਤੇ ਰੱਖਿਆ ਗਿਆ ਹੈ।
ਸੋਨੂੰ ਸੂਦ ਨੇ ਇੱਕ ਵੀਡੀਓ ਵਿੱਚ ਕਿਹਾ ਹੈ ਕਿ ਸੜਕ ਦਾ ਨਾਮਕਰਨ ਉਸ ਦੀ ਮਾਂ ਦੇ ਨਾਂਅ ਉੱਤੇ ਕਰਨ ਨਾਲ ਵਿਧਾਇਕ ਡਾ. ਹਰਜੋਤ ਕਮਲ ਨੇ ਉਨ੍ਹਾਂ ਦਾ ਸਭ ਤੋਂ ਵੱਡਾ ਸਨਮਾਨ ਕੀਤਾ ਹੈ। ਇਸ ਨੂੰ ਉਹ ਅਤੇ ਉਨ੍ਹਾਂ ਦਾ ਪਰਿਵਾਰ ਕਦੇ ਵੀ ਭੁਲਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਇਹ ਸਨਮਾਨ ਮਿਲਣ ਉੱਤੇ ਦੇਸ਼ ਵਿਦੇਸ਼ ਤੋਂ ਬਹੁਤ ਸ਼ੁਭ ਇੱਛਾਵਾਂ ਮਿਲ ਰਹੀਆਂ ਹਨ। ਇਸ ਲਈ ਉਹ ਡਾ. ਹਰਜੋਤ ਕਮਲ ਅਤੇ ਹੋਰਾਂ ਦੇ ਬਹੁਤ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਉਹ ਬਹੁਤ ਜਲਦੀ ਆਪਣੇ ਸ਼ਹਿਰ ਮੋਗਾ ਆਉਣਗੇ ਅਤੇ ਆਪਣੇ ਭਰਾ ਨਾਲ ਇਸ ਸੜਕ ਉੱਤੇ ਖੜ੍ਹ ਕੇ ਸੈਲਫੀ ਲੈਣਗੇ।