ਮੋਗਾ:ਇੱਕ ਪਾਸੇ ਸਰਕਾਰ ਤੇ ਪੁਲਿਸ ਸੂਬੇ ਵਿਚੋਂ ਨਸ਼ੇ ਨੂੰ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਤਾਂ ਦੂਜੇ ਪਾਸੇ ਆਏ ਦਿਨ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਚੜ੍ਹਦੀ ਉਮਰੇ ਇਹ ਨਸ਼ਾ ਹੱਸਦੇ ਵੱਸਦੇ ਘਰਾਂ ਦੇ ਘਰ ਉਜਾੜ ਰਿਹਾ ਹੈ। ਜਿਸ ਕਾਰਨ ਕਈ ਘਰਾਂ 'ਚ ਹੁਣ ਤੱਕ ਸੱਥਰ ਵਿਛ ਚੁੱਕੇ ਹਨ। ਚਰਚਾਵਾਂ ਨੇ ਕਿ ਪੰਜਾਬ 'ਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ, ਜਿਸ ਦੀ ਭੇਟ ਨੌਜਵਾਨ ਚੜ੍ਹ ਰਹੇ ਹਨ। ਤਾਜ਼ਾ ਮਾਮਲਾ ਮੋਗਾ ਦੇ ਪਿੰਡ ਭਲੂਰ ਤੋਂ ਸਾਹਮਣੇ ਆਇਆ, ਜਿਥੇ 37 ਸਾਲਾ ਨੌਜਵਾਨ ਦੀ ਨਸ਼ੇ ਦੇ ਓਵਰਡੋਜ ਨਾਲ ਮੌਤ ਹੋਈ ਦੱਸੀ ਜਾ ਰਹੀ ਹੈ।
ਸਾਲ ਪਹਿਲਾਂ ਭਰਾ ਦੀ ਹੋਈ ਸੀ ਚਿੱਟੇ ਨਾਲ ਮੌਤ:ਇਸ 'ਚ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਫੌਜੀ ਚਿੱਟੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਪਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਵੱਡਾ ਭਰਾ ਵੀ ਕਰੀਬ ਸਾਲ ਪਹਿਲਾਂ ਇਸ ਚਿੱਟੇ ਦੀ ਭੇਟ ਚੜ੍ਹਿਆ ਸੀ ਤੇ ਉਸ ਦੀ ਮੌਤ ਹੋ ਗਈ ਸੀ ਤੇ ਹੁਣ ਇਸ ਦੀ ਵੀ ਨਸ਼ੇ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿਛੇ 7 ਸਾਲ ਦਾ ਮਾਸੂਮ ਬੱਚਾ, ਪਤਨੀ ਬੁੱਢੇ ਮਾਂ ਬਾਪ ਅਤੇ ਸਾਲ ਪਹਿਲਾਂ ਸਵਰਗਵਾਸ ਹੋਏ ਭਰਾ ਦਾ ਪਰਿਵਾਰ ਛੱਡ ਗਿਆ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਜਿਥੇ ਪੂਰੇ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ ਤਾਂ ਉਥੇ ਹੀ ਪਿੰਡ ਵਾਸੀਆਂ 'ਚ ਸਰਕਾਰ ਪ੍ਰਤੀ ਨਰਾਜ਼ਗੀ ਵੀ ਦੇਖਣ ਨੂੰ ਮਿਲੀ।