ਵੇਖੋ ਸਕਾਰਪੀਓ ਦਾ ਕਹਿਰ, ਕਿਵੇਂ ਪਾਇਆ ਭੜਥੂ? ਇੱਕ ਦੀ ਮੌਤ ਮੋਗਾ: ਗੱਡੀਆਂ ਨੂੰ ਹਾਈਸਪੀਡ 'ਤੇ ਚਲਾਉਣਾ ਨੌਜਵਾਨ ਸ਼ੌਂਕ ਜਾ ਮਜ਼ਾਕ ਸਮਝਦੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਸ਼ੌਂਕ ਜਾਂ ਮਜ਼ਾਕ ਉਨ੍ਹਾਂ ਦੀ ਜਾਨ 'ਤੇ ਵੀ ਭਾਰੀ ਪੈ ਸਕਦਾ ਹੈ। ਅਜਿਹਾ ਹੀ ਮਾਮਲਾ ਮੋਗਾ ਦੇ ਕਸਬਾ ਕੋਟ ਇਸੇ ਖਾਂ ਤੋਂ ਸਾਹਮਣੇ ਆਇਆ ਹੈ। ਗੱਡੀ ਦੀ ਸਪੀਡ ਇੰਨੀ ਜਿਆਦਾ ਸੀ ਕਿ ਵਰਕਸ਼ਾਪ ਦਾ ਸ਼ਟਰ ਤੋੜ ਕੇ ਅੰਦਰ ਵੜ ਗਈ। ਇਸ ਗੱਡੀ ਨੂੰ 18 ਸਾਲ ਦਾ ਨੌਜਵਾਨ ਚਲਾ ਰਿਹਾ ਸੀ।
ਰਣਜੀਤ ਦੀ ਮੌਤ: ਇਸ ਘਟਨਾ ਪਿੱਛੋਂ ਜ਼ਖਮੀ ਰਣਜੀਤ ਸਿੰਘ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਪਰ ਉੱਥੋਂ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਇੱਥੇ ਇਲਾਜ ਦੌਰਾਨ 18 ਸਾਲ ਦੇ ਰਣਜੀਤ ਸਿੰਘ ਦੀ ਮੌਤ ਹੋ ਗਈ ਹੈ, ਜੋ ਕਿ ਆਪਣੇ ਨਾਨਕੇ ਪਿੰਡ ਦੌਲੇਵਾਲਾ ਆ ਰਿਹਾ ਸੀ।
ਵਰਕਸ਼ਾਪ ਮਾਲਕ ਦਾ ਬਿਆਨ:ਇਸ ਮੌਕੇ ਵਰਕਸ਼ਾਪ ਦੇ ਮਾਲਕ ਜਗਜੀਤ ਸਿੰਘ ਨੇ ਦੱਸਿਆ ਕਿ ਗੱਡੀ ਦੀ ਰਫ਼ਤਾਰ ਜਿਆਦਾ ਹੋਣ ਕਾਰਨ ਉਹ ਬੇਕਾਬੂ ਹੋ ਗਈ ਅਤੇ ਵਰਕਸ਼ਾਪ ਅੰਦਰ ਜਾ ਵੜੀ। ਜਿਸ ਕਾਰਨ ਵਰਕਸ਼ਾਪ ਅੰਦਰ ਪਏ ਕਰੀਬ ਡੇਢ ਲੱਖ ਦੇ ਸਮਾਨ ਦਾ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਸੀ।
ਜਾਂਚ ਅਧਿਕਾਰੀ ਦਾ ਬਿਆਨ: ਇਸ ਮਾਮਲੇ 'ਚ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਆਪਣੇ ਨਾਨਕੇ ਪਿੰਡ ਆ ਰਿਹਾ ਸੀ। ਇਸ ਬਾਰੇ ਮ੍ਰਿਤਕ ਦੇ ਮਾਮੇ ਸੁਖਵਿੰਦਰ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤੇ ਹਨ ਕਿ ਉਸ ਦਾ ਭਾਜਣਾ ਜੋ ਕਿ ਕਪੂਰਥਲਾ ਦੇ ਪਿੰਡ ਲੋਟੀਆਂ ਦਾ ਰਹਿਣ ਵਾਲਾ ਸੀ। ਉਹ ਕਿਸੇ ਜ਼ਰੂਰੀ ਕੰਮ ਲਈ ਕੋਟ ਇਸੇ ਖਾਂ ਸ਼ਹਿਰ ਆਇਆ ਸੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ:Molestation in Juhu: ਅਮਿਤਾਭ ਬੱਚਨ ਦੇ ਬੰਗਲੇ ਨੇੜੇ ਆਟੋ ਰਿਕਸ਼ਾ 'ਚ ਔਰਤ ਨਾਲ ਛੇੜਛਾੜ, ਆਰੋਪੀ ਗ੍ਰਿਫਤਾਰ