ਮੋਗਾ: ਵਿਸ਼ਵ ਕੱਪ 2023 ਦੇ ਫਾਈਨਲ ਮੈਚ ਲਈ ਉਤਸ਼ਾਹ ਪ੍ਰਸ਼ੰਸਕਾਂ ਦੇ ਸਿਰ ਚੜ ਬੋਲ ਰਿਹਾ ਹੈ। ਭਾਰਤੀ ਟੀਮ ਦੀ ਨਜ਼ਰ 2011 ਦੇ ਵਿਸ਼ਵ ਕੱਪ ਦੇ ਜਸ਼ਨਾਂ ਨੂੰ ਦੁਹਰਾਉਣ 'ਤੇ ਹੋਵੇਗੀ। ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਇਸ ਵਾਰ ਭਾਰਤ ਵਿਸ਼ਵ ਕੱਪ ਜਿੱਤ ਕੇ ਤੀਜੀ ਵਾਰ ਟਰਾਫੀ ਜਿੱਤੇਗਾ। ਭਾਰਤ ਵਿੱਚ ਹਰ ਪਾਸੇ ਵਿਸ਼ਵ ਕੱਪ 2023 ਦੇ ਮੈਚ ਜਿੱਤਣ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਹਰ ਕੋਈ ਆਪਣੇ ਪੱਧਰ ਉਤੇ ਟੀਮ ਨੂੰ ਸ਼ੁੱਭਕਾਮਨਾਵਾਂ ਦੇ ਰਿਹਾ ਹੈ, ਇਸੇ ਤਰ੍ਹਾਂ ਪੰਜਾਬ ਦੇ ਜ਼ਿਲ੍ਹੇ ਮੋਗੇ ਨਾਲ ਸੰਬੰਧਿਤ ਇੱਕ ਵਿਅਕਤੀ ਨੇ ਅਨੌਖੇ ਤਰੀਕਾ ਨਾਲ ਟੀਮ ਇੰਡੀਆ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਐਤਵਾਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਸਾਰੇ ਦੇਸ਼ ਵਾਸੀ ਭਾਰਤ ਦੀ ਜਿੱਤ ਲਈ ਦੁਆਵਾਂ ਕਰ ਰਹੇ ਹਨ। ਅਜਿਹਾ ਹੀ ਇੱਕ ਕ੍ਰਿਕਟ ਪ੍ਰੇਮੀ ਹੈ 50 ਸਾਲਾਂ ਗੁਰਪ੍ਰੀਤ ਸਿੰਘ ਕੋਮਲ। ਇਸ 50 ਸਾਲਾਂ ਗੁਰਪ੍ਰੀਤ ਨੇ ਭਾਰਤੀ ਟੀਮ ਨੂੰ ਸ਼ੁੱਭਕਾਮਨਾਵਾਂ ਦੇਣ ਲਈ 45 ਇੰਚ ਲੰਬੀ ਟਰਾਫੀ ਬਣਾਈ ਹੈ। ਇਸ ਤੋਂ ਪਹਿਲਾਂ 2011 'ਚ ਵੀ ਭਾਰਤੀ ਟੀਮ ਨੂੰ ਸ਼ੁੱਭਕਾਮਨਾਵਾਂ ਦੇਣ ਲਈ ਕੋਮਲ ਨੇ 14 ਫੁੱਟ ਲੰਬਾ ਪੇਂਟ ਬੁਰਸ਼ ਬਣਾਇਆ ਸੀ।
ਵੇਸਟ ਸਮੱਗਰੀ ਤੋਂ ਬਣਾਈ ਗਈ ਹੈ ਇਹ ਟਰਾਫੀ:ਉਲੇਖਯੋਗ ਹੈ ਕਿ ਇਸ 50 ਸਾਲਾਂ ਵਿਅਕਤੀ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਸੈਮੀਫਾਈਨਲ ਮੈਚ ਤੋਂ ਬਾਅਦ ਹੀ ਵਰਲਡ ਕੱਪ ਟਰਾਫੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ, ਦਿਲਚਸਪ ਗੱਲ ਇਹ ਹੈ ਕਿ ਇਹ ਟਰਾਫੀ ਵੇਸਟ ਸਮੱਗਰੀ ਤੋਂ ਬਣਾਈ ਗਈ ਹੈ, ਹੁਣ ਟਰਾਫੀ ਨੂੰ ਦੇਖਣ ਲਈ ਆਸ-ਪਾਸ ਦੇ ਇਲਾਕਿਆਂ ਤੋਂ ਲੋਕ ਇਕੱਠੇ ਹੋ ਰਹੇ ਹਨ।
ਇਸ ਕਲਾਕਾਰ ਨੇ ਆਪਣੇ ਮਨ ਦੇ ਭਾਵ ਸਾਂਝੇ ਕਰਦੇ ਹੋਏ ਦੱਸਿਆ ਕਿ ਅਹਿਮਦਾਬਾਦ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਵਿਸ਼ਵ ਕੱਪ ਫਾਈਨਲ ਵਿੱਚ ਭਾਰਤ ਜਿੱਤ ਦਰਜ ਕਰੇਗਾ। ਭਾਰਤੀ ਟੀਮ ਪੂਰੀ ਏਕਤਾ ਨਾਲ ਕ੍ਰਿਕਟ ਖੇਡ ਰਹੀ ਹੈ ਅਤੇ ਵਿਸ਼ਵ ਪੱਧਰ ਉਤੇ ਰਿਕਾਰਡ ਬਣਾ ਰਹੀ ਹੈ।