ਮੋਗਾ:ਜ਼ਿਲ੍ਹੇ ’ਚ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਵੱਲੋਂ ਨਾਜਾਇਜ਼ ਹਥਿਆਰਾਂ ਸਮੇਤ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ (3 youths arrested with hand grenade) ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ 2 ਹੈਂਡ ਗ੍ਰਨੇਡ, 2 ਪਿਸਟਲ 9 ਐਮ.ਐਮ , 1 ਹੋਰ ਮੈਗਜ਼ੀਨ ਅਤੇ 18 ਜ਼ਿੰਦਾ ਰੋਂਦ 9 ਐਮ.ਐਮ ਬਰਾਮਦ ਕੀਤੇ ਗਏ ਹਨ। ਇੰਨ੍ਹਾਂ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਤਾਰ ਪੰਜਾਬ ਦੇ ਏ ਕੈਟਾਗਰੀ ਦੇ ਗੈਂਗਸਟਰ ਅਰਸ਼ਦੀਪ ਡੱਲਾ ਨਾਲ ਜੁੜੇ ਹਨ। ਜਾਣਕਾਰੀ ਅਨੁਸਾਰ ਮੁਲਜ਼ਮ ਅਰਸ਼ਦੀਪ ਡੱਲਾ ਦੇ ਕਹਿਣੇ ’ਤੇ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ।
ਮੁਲਜ਼ਮਾਂ ਦੇ ਗੈਂਗਸਟਰ ਅਰਸ਼ਦੀਪ ਡੱਲਾ ਨਾਲ ਜੁੜੇ ਤਾਰ
ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ , ਵਰਿੰਦਰ ਸਿੰਘ ਵਿੰਦਾ ਅਤੇ ਬਲਜੀਤ ਸਿੰਘ ਦੀ ਪੁਛਗਿੱਛ ਦੌਰਾਨ ਇਹ ਅਹਿਮ ਤੱਥ ਸਾਹਮਣੇ ਆਇਆ ਹੈ ਕਿ ਇੰਨ੍ਹਾਂ ਦੀ ਲਗਾਤਾਰ ਕੈਨੇਡਾ ਬੈਠੇ ਪੰਜਾਬ ਦੇ ' ਏ ' ਕੈਟਾਗਿਰੀ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਨਾਲ ਫੋਨ ’ਤੇ ਗੱਲਬਾਤ ਹੁੰਦੀ ਸੀ ਅਤੇ ਉਸਦੇ ਕਹਿਣ ਉੱਤੇ ਹੀ ਮੁਲਜ਼ਮ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਅਰਸ਼ ਤੋਂ ਪੈਸੇ ਲੈ ਕੇ ਕੰਮ ਕਰਦੇ ਸਨ।
ਧਾਰਮਿਕ ਸਥਾਨ ਨੂੰ ਬਣਾਇਆ ਜਾ ਸਕਦਾ ਸੀ ਨਿਸ਼ਾਨਾ
ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਅਰਸ਼ਦੀਪ ਵੱਲੋਂ ਇਹ ਗ੍ਰਨੇਡ ਬੰਬ ਧਾਰਮਿਕ ਸਥਾਨ ਉੱਪਰ ਸੁੱਟਣ ਲਈ ਦਿੱਤੇ ਗਏ ਸਨ ਤਾਂ ਕਿ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਸਕੇ। ਇਸ ਦੌਰਾਨ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੋ ਪਿਛਲੇ ਸਾਲ ਭਿੱਖੀਵਿੰਡ ਵਿਖੇ ਟਿਫਿਨ ਬੰਦ ਦੀ ਘਟਨਾ ਵਾਪਰੀ ਸੀ ਉਸ ਮਾਮਲੇ ਵਿੱਚ ਵੀ ਉਸ ਖਿਲਾਫ਼ ਮਾਮਲਾ ਦਰਜ ਸੀ।ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਉਸ ਮਾਮਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤੈਅ ਤੱਕ ਪਹੁੰਚਣ ਲਈ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।