ਮੋਗਾ: ਥਾਣਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਨੱਥੋਕੇ 'ਚ ਇੱਕ 27 ਸਾਲਾ ਨੌਜਵਾਨ ਨੇ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਛਾਣ ਜਗਤਾਰ ਸਿੰਘ ਵਜੋਂ ਹੋਈ ਹੈ। ਜਗਤਾਰ ਸਿੰਘ ਪਿਛਲੇ 4-5 ਸਾਲਾਂ ਤੋਂ ਨਸ਼ੇ ਲੈਣ ਦਾ ਆਦੀ ਸੀ ਤੇ ਨਸ਼ੇ ਦੀ ਘਾਟ ਪੂਰੀ ਕਰਨ ਲਈ ਉਹ ਆਪਣੇ ਮਾਤਾ-ਪਿਤਾ ਤੋਂ ਪੈਸੇ ਦੀ ਮੰਗ ਕਰਦਾ ਸੀ, ਪੈਸੇ ਨਾ ਮਿਲਣ 'ਤੇ ਉਸ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
27 ਸਾਲਾ ਨੌਜਵਾਨ ਨੇ ਫਾਹਾ ਲਾ ਕੇ ਕੀਤਾ ਖੁਦਕੁਸ਼ੀ
ਮੋਗਾ ਦੇ ਪਿੰਡ ਨੱਥੋਕੇ 'ਚ ਇੱਕ 27 ਸਾਲਾ ਨੌਜਵਾਨ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਨੌਜਵਾਨ ਨਸ਼ਾ ਲੈਣ ਲਈ ਮਾਤਾ-ਪਿਤਾ ਤੋਂ ਪੈਸੇ ਦੀ ਲਗਾਤਾਰ ਮੰਗ ਕਰ ਰਿਹਾ ਸੀ, ਪੈਸੇ ਨਾ ਮਿਲਣ 'ਤੇ ਨੌਜਵਾਨ ਨੇ ਫਾਹਾ ਲਾ ਲਿਆ।
ਮ੍ਰਿਤਕ ਦੇ ਪਿਤਾ ਮੁਤਾਬਕ ਉਨ੍ਹਾਂ ਦਾ ਪੁੱਤਰ ਰੋਜ਼ਾਨਾ ਪੈਸੇ ਦੀ ਮੰਗ ਕਰਦਾ ਸੀ ਤੇ ਪੈਸੇ ਨਾ ਦੇਣ 'ਤੇ ਉਹ ਕੁੱਟਮਾਰ ਵੀ ਕਰਦਾ ਸੀ। ਇਸ ਤੋਂ ਇਲਾਵਾ ਜਗਤਾਰ ਸਿੰਘ ਦਾ ਆਪਣੇ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਬੀਤੀ ਰਾਤ ਜਗਤਾਰ ਸਿੰਘ ਆਪਣੀ ਨਸ਼ੇ ਦੀ ਘਾਟ ਪੂਰੀ ਕਰਨ ਲਈ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ, ਜਦ ਪੈਸੇ ਨਹੀਂ ਦਿੱਤੇ ਤਾਂ ਉਸ ਨੇ ਪਹਿਲਾਂ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਬਾਅਦ 'ਚ ਰਾਤ ਨੂੰ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੇੜਲੇ ਪਿੰਡ ਘੋਲੀਆਂ ਕਲਾਂ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਜਾ ਕੇ ਰਾਤ ਕੱਟੀ। ਇਸ ਦੌਰਾਨ ਜਗਤਾਰ ਸਿੰਘ ਨੇ ਘਰ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਵਿੱਚ ਪੋਸਟ ਮਾਰਟਮ ਲਈ ਲਿਜਾਇਆ ਗਿਆ ਹੈ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਦਾ ਰਹੀ ਹੈ।
ਨਸ਼ਿਆਂ ਨੂੰ ਰੋਕਣ ਵਿਚ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਆਏ ਦਿਨ ਨਸ਼ੇ ਦੀ ਓਵਰਡੋਜ਼ ਕਰਕੇ ਜਾਂ ਫਿਰ ਨਸ਼ਾ ਨਾ ਮਿਲਣ ਕਰਕੇ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅਜਿਹੇ ਹਾਲਾਤਾਂ ਵਿੱਚ ਇਹ ਵਿਚਾਰਣਯੋਗ ਹੈ ਕਿ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਜੋ ਸੈਮੀਨਾਰ ਨਸ਼ਾ ਰੋਕਣ ਲਈ ਲਗਾਏ ਜਾ ਰਹੇ ਹਨ। ਉਨ੍ਹਾਂ ਦੀ ਕੀ ਹਕੀਕਤ ਹੈ ਜਾਂ ਸਿਰਫ਼ ਖਾਨਾਪੂਰਤੀ ਹੀ ਕੀਤੀ ਜਾ ਰਹੀ ਹੈ ।