ਮੋਗਾ ਬੱਸ ਸਟੈਂਡ ਨਜ਼ਦੀਕ ਗੁੰਡਾਗਰਦੀ ਦਾ ਨੰਗਾ ਨਾਚ ਮੋਗਾ :ਜ਼ਿਲ੍ਹੇ ਦੇ ਬੱਸ ਸਟੈਂਡ ਨਜ਼ਦੀਕ ਮੁੱਖ ਚੌਕ ਵਿਚ ਦੋ ਧਿਰਾਂ ਵਿਚਕਾਰ ਖੂਨੀ ਝੜਪ ਹੋਈ। ਮੋਗਾ ਦੇ ਇਸ ਮਸ਼ਹੂਰ ਚੌਕ ਵਿਚ ਲਗਭਗ 20 ਮਿੰਟ ਤਕ ਗੁੰਡਾਗਰਦੀ ਦਾ ਨੰਗਾ ਨਾਚ ਚੱਲਦਾ ਰਿਹਾ, ਪਰ ਬਾਵਜੂਦ ਇਸਦੇ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਇਸ ਦੌਰਾਨ ਦੋਵਾਂ ਧਿਰਾਂ ਵਲੋਂ ਜੰਮ ਕੇ ਖੂਨ-ਖਰਾਬਾ ਕੀਤਾ ਗਿਆ। ਇਸ ਝੜਪ ਵਿਚ ਕਈ ਨੌਜਵਾਨ ਜ਼ਖਮੀ ਹੋਏ। ਇਸ ਵਾਰਦਾਤ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਧਿਰ ਦੇ ਨੌਜਵਾਨ ਹੱਥ ਵਿਚ ਲੱਕੜ ਦੇ ਬਾਲੇ ਫੜ ਕੇ ਸੜਕ ਦੇ ਵਿਚਕਾਰ ਹੀ ਕੁੱਝ ਨੌਜਵਾਨਾਂ ਦੀ ਕੁੱਟਮਾਰ ਕਰ ਰਹੇ ਹਨ। ਫਿਲਹਾਲ ਇਸ ਸਬੰਧੀ ਪੁਲਿਸ ਦਾ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ ਹੈ।
20 ਤੋਂ 25 ਹਮਲਾਵਰਾਂ ਨੇ ਕੀਤਾ ਹਮਲਾ :ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਨਗਾਹੇ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸੀ ਕਿ ਰਸਤੇ ਵਿੱਚ ਰੋਕ ਕੇ ਸਾਡੇ ਦੋ ਵਿਅਕਤੀਆਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ, ਜਦੋਂ ਸਾਨੂੰ ਨੌਜਵਾਨਾਂ ਨੇ ਦੱਸਿਆ ਤਾਂ ਅਸੀਂ ਉਨ੍ਹਾਂ ਨੂੰ ਪੱਟੀਆਂ ਕਰਵਾਉਣ ਤੋਂ ਬਾਅਦ ਮੋਗਾ ਦੇ ਮੇਨ ਚੌਕ ਵਿੱਚ ਖੜ੍ਹੇ ਸੀ, ਜਿੱਥੇ ਮੁੜ ਫਿਰ 25 ਤੋਂ 30 ਦੇ ਕਰੀਬ ਨੌਜਵਾਨ ਸੋਟੀਆਂ ਅਤੇ ਬਾਲਿਆਂ ਨਾਲ ਲੈਸ ਹੋ ਕੇ ਆਏ ਤੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ।
ਹਮਲਾਵਰਾਂ ਦੇ ਹੌਸਲੇ ਬੁਲੰਦ :ਉਨ੍ਹਾਂ ਕਿਹਾ ਕਿ ਚੌਕ ਵਿੱਚ ਸਿਰਫ ਇੱਕ ਹੀ ਮੁਲਾਜ਼ਮ ਸੀ ਅਤੇ ਉਸ ਦੇ ਵੀ ਛੁਡਾਉਣ ਸਮੇਂ ਇੱਟ ਮਾਰ ਦਿੱਤੀ। ਉਹ ਮੁਲਾਜ਼ਮ ਵੀ ਬਾਅਦ ਵਿੱਚ ਥਾਣੇ ਤੋਂ ਮੁਲਾਜ਼ਮ ਬੁਲਾਉਣ ਲਈ ਚਲਾ ਗਿਆ, ਪਰ ਜਦੋਂ ਪੁਲਿਸ ਪਹੁੰਚੀ ਤਾਂ ਹਮਲਾਵਰ ਉਦੋਂ ਤਕ ਫਰਾਰ ਹੋ ਚੁੱਕੇ ਸਨ, ਪਰ ਮੌਕੇ ਤੋਂ ਪੁਲਿਸ ਨੇ ਇਕ ਦੋ ਵਿਅਕਤੀਆਂ ਨੂੰ ਰਸਤੇ ਵਿਚ ਲੈਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਅਖਬਾਰ ਵੇਚਣ ਵਾਲੇ ਪ੍ਰਿਤਪਾਲ ਸਿੰਘ ਸਰੀਨ ਦਾ ਕਹਿਣਾ ਹੈ ਕਿ 5 ਵਜੇ ਦੇ ਕਰੀਬ ਮੋਗਾ ਚੌਕ ਵਿੱਚ ਜਮ ਕੇ ਲੜਾਈ ਹੋਈ। ਉਨ੍ਹਾਂ ਕਿਹਾ ਹਮਲਾ ਕਰਨ ਵਾਲੇ ਨੌਜਵਾਨਾਂ ਦੇ ਹੌਸਲੇ ਇੰਨੇ ਬੁਲੰਦ ਸੀ ਕਿ ਪੁਲਿਸ ਥਾਣਾ ਬਿਲਕੁਲ ਨਜ਼ਦੀਕ ਹੋਣ ਦੀ ਵੀ ਪਰਵਾਹ ਨਹੀਂ ਕੀਤੀ।
ਦੂਜੇ ਪਾਸੇ, ਥਾਣਾ ਮੁਖੀ ਅਫਸਰ ਦਲਜੀਤ ਸਿੰਘ ਦਾ ਕਹਿਣਾ ਕਿ ਅੱਜ ਤੜਕਸਾਰ ਮੇਨ ਚੌਕ ਵਿੱਚ ਦੋ ਧਿਰਾਂ ਦੀ ਲੜਾਈ ਹੋਈ ਹੈ। ਦੋਹਾਂ ਧਿਰਾਂ ਦੇ ਨੌਜਵਾਨ ਤੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਲੜਾਈ ਕਰਨ ਦਾ ਕੀ ਕਾਰਨ ਹੈ। ਉਨ੍ਹਾਂ ਕਿਹਾ ਕਿ ਤਿੰਨ ਵਿਆਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਗਲਤ ਪਾਇਆ ਜਾਵੇਗਾ ਉਸ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।