ਮਾਨਸਾ:8 ਮਾਰਚ ਦਾ ਦਿਨ ਅੰਤਰਰਾਸ਼ਟਰੀ ਪੱਧਰ ਉੱਤੇ ਔਰਤ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਔਰਤਾਂ ਦੇ ਕੀ ਅਧਿਕਾਰ ਹਨ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਸਰਕਾਰਾਂ ਵੱਲੋਂ ਵੱਡੇ ਵੱਡੇ ਪ੍ਰੋਗਰਾਮ ਕੀਤੇ ਜਾਂਦੇ ਹਨ। ਦੂਜੇ ਪਾਸੇ ਮਜ਼ਦੂਰ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਅਤੇ ਅੱਜ ਵੀ ਉਹ ਮਜਦੂਰੀ ਕਰ ਰਹੀਆਂ ਨੇ ਅਤੇ ਆਪਣੇ ਬੱਚਿਆਂ ਦੇ ਰੋਜਗਾਰ ਪ੍ਰਤੀ ਸੋਚ ਰਹੀਆਂ ਨੇ ਅਤੇ ਸ਼ਾਇਦ ਉਨ੍ਹਾਂ ਦੇ ਬੱਚਿਆਂ ਨੂੰ ਰੁਜ਼ਗਾਰ ਮਿਲ ਜਾਵੇ ਅਤੇ ਉਨ੍ਹਾਂ ਦਾ ਮਜ਼ਦੂਰੀ ਤੋਂ ਛੁਟਕਾਰਾ ਹੋ ਜਾਵੇ।
ਬੱਚਿਆਂ ਦਾ ਪੇਟ ਭਰਨ ਲਈ ਮਜ਼ਦੂਰੀ:ਅੰਤਰਰਾਸ਼ਟਰੀ ਪੱਧਰ ਉੱਤੇ ਮਨਾਏ ਜਾਂਦੇ ਔਰਤ ਦਿਵਸ ਪ੍ਰਤੀ ਪਿੰਡਾਂ ਦੇ ਵਿੱਚ ਕੰਮ ਕਰਨ ਵਾਲੀਆਂ ਮਜ਼ਦੂਰ ਔਰਤਾਂ ਨੂੰ ਔਰਤ-ਦਿਵਸ ਪ੍ਰਤੀ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਹੈ। ਉਨ੍ਹਾਂ ਨਹੀਂ ਪਤਾ ਕਿ ਔਰਤ ਦਿਵਸ ਕੀ ਹੁੰਦਾ ਉਹ ਤਾਂ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਮਜ਼ਦੂਰੀ ਕਰ ਰਹੀਆਂ ਹਨ। ਜਦੋਂ ਇਹਨਾਂ ਔਰਤਾਂ ਨੂੰ ਔਰਤ ਦਿਵਸ ਦੇ ਬਾਰੇ ਪੁੱਛਿਆ ਗਿਆ ਤਾਂ ਇਹਨਾਂ ਨੇ ਦੱਸਿਆ ਕਿ ਸਾਨੂੰ ਨਹੀਂ ਪਤਾ ਔਰਤ ਦਿਵਸ ਕੀ ਹੁੰਦਾ ਹੈ ਅਤੇ ਔਰਤਾਂ ਦੇ ਅਧਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਸਾਨੂੰ ਤਾਂ ਪੂਰੀ ਮਜ਼ਦੂਰੀ ਨਹੀਂ ਦਿੰਦੇ ਅਧਿਕਾਰ ਕੀ ਦੇਣਗੇ ਅਤੇ ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਸਿਰਫ ਨਸ਼ੇ ਬੰਦ ਕਰ ਦੇਵੇ ਤਾਂ ਕਿ ਕਿਸੇ ਦੇ ਘਰ ਕਲੇਸ਼ ਨਾ ਹੋਵੇ ਅਤੇ ਕਿਸੇ ਦੀ ਧੀ ਭੈਣ ਉੱਤੇ ਅੱਤਿਆਚਾਰ ਨਾ ਹੋਵੇ ਅਤੇ ਨਸ਼ੇ ਦੇ ਕਾਰਨ ਕਿਸੇ ਦੀ ਧੀ-ਭੈਣ ਦਾਜ ਦੀ ਬਲੀ ਨਾ ਚੜ੍ਹੇ।