ਮਾਨਸਾ: ਕਹਿੰਦੇ ਹਨ ਕਿ ਸਿੱਖਿਆ ਦਾ ਭੰਡਾਰ ਕਦੇ ਵੀ ਖ਼ਤਮ ਨਹੀਂ ਹੁੰਦਾ ਜਿੰਨੀ ਵੀ ਹਾਸਲ ਕੀਤੀ ਜਾਵੇ, ਓਨੀ ਹੀ ਘੱਟ ਹੁੰਦੀ ਹੈ। ਅਜਿਹਾ ਹੀ ਸ਼ਖ਼ਸ ਹੈ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਸ਼ਹਿਰ ਦਾ ਪ੍ਰਿੰਸੀਪਲ ਵਿਜੇ ਕੁਮਾਰ, ਜਿਸ ਨੇ ਹੁਣ ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵੱਖ-ਵੱਖ ਵਿਸ਼ਿਆਂ ਵਿੱਚ 20 ਐਮਏ ਪਾਸ ਕੀਤੀਆਂ ਹੋਈਆਂ ਹਨ ਅਤੇ ਉਨ੍ਹਾਂ ਦੀ 21ਵੀਂ ਐਮਏ ਜਾਰੀ ਹੈ।
ਮਾਨਸਾ ਦਾ 20 ਐੱਮ.ਏ ਕਰਨ ਵਾਲਾ ਪ੍ਰਿੰਸੀਪਲ ਵਿਜੇ ਕੁਮਾਰ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪ੍ਰਿੰਸੀਪਲ ਵਿਜੇ ਕੁਮਾਰ ਨੇ ਆਪਣੇ 20 ਐੱਮਏ ਕਰਨ ਬਾਰੇ ਚਾਨਣਾ ਪਾਇਆ।
ਜਿਥੋਂ ਪੜ੍ਹਾਈ ਕੀਤੀ, ਉੱਥੇ ਹੀ ਪ੍ਰਿੰਸੀਪਲ
ਉਨ੍ਹਾਂ ਨੂੰ ਸ਼ੁਰੂ ਤੋਂ ਹੀ ਪੜ੍ਹਾਈ ਦਾ ਬਹੁਤ ਜ਼ਿਆਦਾ ਸ਼ੌਕ ਸੀ ਅਤੇ ਜਿਸਦੇ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਪੜ੍ਹਾਈ ਕੀਤੀ। ਅੱਜ ਉਹ ਉਸੇ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਹਨ, ਜਿਥੋਂ ਉਨ੍ਹਾਂ ਨੇ ਪੜ੍ਹਾਈ ਸ਼ੁਰੂ ਕੀਤੀ ਸੀ।
ਘਰ ਵਿੱਚ ਹੀ ਹੈ ਲਾਇਬ੍ਰੇਰੀ
ਪ੍ਰਿੰਸੀਪਲ ਵਿਜੇ ਕੁਮਾਰ ਨੇ ਦੱਸਿਆ ਕਿ ਦੁਨੀਆਂ ਦੀਆਂ ਜਿੰਨੀਆਂ ਵੀ ਮਹਾਨ ਸਖ਼ਸ਼ੀਅਤਾਂ ਹਨ, ਉਨ੍ਹਾਂ ਦੇ ਕੋਲ ਕਿਤਾਬਾਂ ਦਾ ਭੰਡਾਰ ਜ਼ਰੂਰ ਹੁੰਦਾ ਸੀ। ਇਸ ਲਈ ਉਨ੍ਹਾਂ ਵੱਲੋਂ ਆਪਣੇ ਘਰ ਵਿੱਚ ਹੀ ਇੱਕ ਵੱਡੀ ਲਾਇਬ੍ਰੇਰੀ ਸਥਾਪਿਤ ਕੀਤੀ ਹੋਈ ਹੈ, ਜਿਸਦੇ ਵਿੱਚ ਹਜ਼ਾਰਾਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਕਿਤਾਬਾਂ ਮੌਜੂਦ ਹਨ ਅਤੇ ਉਹ ਕਿਤਾਬਾਂ ਦਾ ਭੰਡਾਰ ਸਾਂਭਣ ਦੇ ਲਈ ਬਹੁਤ ਹੀ ਜ਼ਿਆਦਾ ਉਤਸੁਕ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਵੀ ਉਨ੍ਹਾਂ ਨੂੰ ਸਮਾਂ ਮਿਲਦਾ ਹੈ ਤਾਂ ਉਹ ਸਿਰਫ ਆਪਣੇ ਕਿਤਾਬਾਂ ਦੇ ਨਾਲ ਹੀ ਬਿਤਾਉਂਦੇ ਹਨ ਅਤੇ ਕਿਤਾਬਾਂ ਪੜ੍ਹਨ ਨੂੰ ਹੀ ਪਹਿਲ ਦਿੰਦੇ ਹਨ। ਪ੍ਰਿੰਸੀਪਲ ਵਿਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ ਵੱਖ-ਵੱਖ ਵਿਸ਼ਿਆਂ ਵਿੱਚ 20 ਐਮਏ ਪਾਸ ਕਰ ਲਈਆਂ ਹਨ ਅਤੇ 21ਵੀਂ ਐਮ.ਏ ਜਾਰੀ ਹੈ।
ਰਾਜਪਾਲ ਵੱਲੋਂ ਵਿਸ਼ੇਸ਼ ਸਨਮਾਨ
ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਵੱਲੋਂ ਬਹੁਤ ਵਾਰ ਸਨਮਾਨਿਤ ਕੀਤਾ ਗਿਆ ਹੈ ਅਤੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੋਲਡ ਮੈਡਲਿਸਟ ਵੀ ਰਹੇ ਹਨ। ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਵੀ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਉੱਥੇ ਹੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਬੇਸ਼ੱਕ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਸਾਨੂੰ ਸੋਸ਼ਲ ਮੀਡੀਆ ਉੱਤੇ ਵੀ ਬਹੁਤ ਹੀ ਜ਼ਿਆਦਾ ਗਿਆਨ ਦੀਆਂ ਗੱਲਾਂ ਗ੍ਰਹਿਣ ਕਰਨ ਨੂੰ ਮਿਲਦੀਆਂ ਹਨ, ਪਰ ਬੱਚਿਆਂ ਨੂੰ ਜ਼ਿਆਦਾਤਰ ਕਿਤਾਬਾਂ ਪੜ੍ਹਨ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ।