ਮਾਨਸਾ: ਹਰਿਆਣਾ ਦੇ ਨੂਹ ਵਿੱਚ ਹੋਈ ਹਿੰਸਾ ਦੌਰਾਨ ਮਾਨਸਾ ਜ਼ਿਲ੍ਹੇ ਦੇ ਨੰਬਰ ਦੀ ਗੱਡੀ ਦਿਖਾਈ ਦੇਣ ਤੋਂ ਬਾਅਦ ਪਰਿਵਾਰ ਖੁੱਲ੍ਹ ਕੇ ਸਾਹਮਣੇ ਆਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੰਜ ਮਹੀਨੇ ਬਾਅਦ ਹੀ ਗੱਡੀ ਦਾ ਐਕਸੀਡੈਂਟ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਵਾਪਸ ਕੰਪਨੀ ਨੂੰ ਗੱਡੀ ਦੇ ਦਿੱਤੀ ਗਈ ਸੀ ਪਰ ਹੁਣ ਇਹਨਾਂ ਕੋਲ ਕੋਈ ਵੀ ਗੱਡੀ ਨਹੀਂ ਅਤੇ ਨਿਰਮਲ ਸਿੰਘ ਗੱਡੀ ਦਾ ਮਾਲਕ ਭਾਰਤੀ ਫੌਜ ਵਿੱਚ ਸੇਵਾ ਨਿਭਾ ਰਿਹਾ ਹੈ। ਉੱਧਰ ਮਾਨਸਾ ਪੁਲਿਸ ਵੀ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕਰ ਰਹੀ ਹੈ।
ਪਰਿਵਾਰ ਦੀ ਸਫਾਈ:ਦੱਸ ਦਈਏ ਹਰਿਆਣਾ ਹਿੰਸਾ ਦੇ ਵਿੱਚ ਮਾਨਸਾ ਜ਼ਿਲ੍ਹੇ ਦੀ ਗੱਡੀ Pb31W 4831 ਦਿਖਾਈ ਦਿੱਤੀ ਸੀ ਜੋ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਲਵਾਲਾ ਦੇ ਨਿਰਮਲ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਨਾਮ ਉੱਤੇ ਰਜਿਸਟਰਡ ਹੈ। ਨਿਰਮਲ ਸਿੰਘ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਰਿਹਾ ਹੈ। ਨਿਰਮਲ ਸਿੰਘ ਦੀ ਪਤਨੀ ਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੁਧਿਆਣਾ ਤੋਂ 6 ਜੂਨ 2021 ਨੂੰ ਗੱਡੀ ਖਰੀਦੀ ਗਈ ਸੀ, ਜਿਸ ਦਾ ਪੰਜ ਮਹੀਨੇ ਬਾਅਦ 31 ਅਕਤੂਬਰ 2021 ਨੂੰ ਇੱਕ ਟ੍ਰੈਕਟਰ ਟਰਾਲੀ ਨਾਲ ਐਕਸੀਡੈਂਟ ਹੋ ਗਿਆ ਅਤੇ ਇਸ ਸਬੰਧੀ ਐੱਫਆਈਆਰ ਵੀ ਦਰਜ ਹੈ।
ਹਰਿਆਣਾ ਹਿੰਸਾ 'ਚ ਮਾਨਸਾ ਦੀ ਗੱਡੀ ਦਿਖਾਈ ਦੇਣ ਦਾ ਮਾਮਲਾ, ਗੱਡੀ ਸਬੰਧੀ ਪਰਿਵਾਰ ਦਾ ਦਾਅਵਾ, ਕਿਹਾ- ਐਕਸੀਡੈਂਟ ਮਗਰੋਂ ਵੇਚ ਦਿੱਤੀ ਸੀ ਗੱਡੀ - ਪਰਿਵਾਰ ਨੇ ਮਾਮਲੇ ਉੱਤੇ ਦਿੱਤਾ ਸਪੱਸ਼ਟੀਕਰਨ
ਹਰਿਆਣਾ ਦੇ ਨੂੰਹ ਵਿੱਚ ਹੋਈ ਹਿੰਸਾ ਦੌਰਾਨ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਇੱਕ ਗੱਡੀ ਵਿਖਾਈ ਦੇਣ ਦਾ ਮਾਮਲਾ ਸਾਹਮਣੇ ਆਉਂਣ ਤੋਂ ਬਾਅਦ ਮਾਨਸਾ ਦਾ ਪਰਿਵਾਰ ਖੁੱਲ੍ਹ ਕੇ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਇਹ ਗੱਡੀ ਡੇਢ ਸਾਲ ਪਹਿਲਾਂ ਉਨ੍ਹਾਂ ਖਰੀਦੀ ਸੀ ਅਤੇ ਹਾਦਸਾ ਹੋਣ ਤੋਂ ਬਾਅਦ ਵੇਚ ਦਿੱਤੀ ਸੀ। ਹੁਣ ਇਹ ਗੱਡੀ ਕਿਸ ਕੋਲ ਸੀ ਉਨ੍ਹਾਂ ਨੂੰ ਨਹੀਂ ਪਤਾ।
ਮਾਮਲੇ ਦੀ ਜਾਂਚ ਜਾਰੀ: ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਉਨ੍ਹਾਂ ਨੂੰ ਸਾਰਾ ਕਲੇਮ ਵੀ ਮਿਲ ਗਿਆ ਸੀ ਅਤੇ ਹੁਣ ਨਿਰਮਲ ਸਿੰਘ ਕੋਲ ਕੋਈ ਵੀ ਗੱਡੀ ਨਹੀਂ ਅਤੇ ਉਹ ਅਸਾਮ ਵਿਖੇ ਭਾਰਤੀ ਫੌਜ ਦੇ ਵਿੱਚ ਡਿਊਟੀ ਉੱਤੇ ਤਾਇਨਾਤ ਹਨ। ਇਸ ਮੌਕੇ ਸਾਬਕਾ ਸਰਪੰਚ ਸੁਖਪਾਲ ਸਿੰਘ ਨੇ ਵੀ ਦੱਸਿਆ ਹੈ ਕਿ ਨਿਰਮਲ ਸਿੰਘ ਨੇ ਡੇਢ ਸਾਲ ਪਹਿਲਾਂ ਇੱਕ ਗੱਡੀ ਖਰੀਦੀ ਸੀ, ਜਿਸ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਵਾਪਿਸ ਕੰਪਨੀ ਨੂੰ ਦੇ ਦਿੱਤੀ ਸੀ ਪਰ ਹੁਣ ਉਨ੍ਹਾਂ ਕੋਲ ਕੋਈ ਵੀ ਗੱਡੀ ਨਹੀਂ। ਨਿਰਮਲ ਸਿੰਘ ਇੱਕ ਬਹੁਤ ਹੀ ਸਾਊ ਸੁਭਾਅ ਦਾ ਸ਼ਖ਼ਸ ਹੈ ਅਤੇ ਨਾ ਹੀ ਪਰਿਵਾਰਕ ਪਿਛੋਕੜ ਕੋਈ ਅਜਿਹਾ ਹੈ। ਉੱਧਰ ਥਾਣਾ ਬੋਹਾ ਦੀ ਪੁਲਿਸ ਨਿਰਮਲ ਸਿੰਘ ਦੇ ਘਰ ਪਹੁੰਚੀ ਅਤੇ ਉਨ੍ਹਾਂ ਵੱਲੋਂ ਪਰਿਵਾਰ ਦੇ ਬਿਆਨ ਦਰਜ ਕੀਤੇ ਗਏ ਹਨ, ਫਿਲਹਾਲ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।